NGO ਤੋਂ ਮਦਦ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਜਾ ਰਹੀ ਠੱਗੀ! ਠੱਗਾਂ ਨੂੰ ਲੱਭਿਆ ਗਰੀਬਾਂ ਨੂੰ ਲੁੱਟਣ ਦਾ ਨਵਾਂ ਰਾਹ
Tuesday, Nov 04, 2025 - 05:06 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਠੱਗਾਂ ਨੇ ਹੁਣ ਲੋੜਵੰਦ ਲੋਕਾਂ ਦੀ ਮਾਲੀ ਮਦਦ ਕਰਨ ਦੇ ਨਾਂ 'ਤੇ ਆਨਲਾਈਨ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ। ਅੱਜ ਕੱਲ ਫੇਸਬੁੱਕ 'ਤੇ ਆਮ ਚੱਲ ਰਹੀਆਂ ਵੀਡੀਓਜ ਵਿੱਚ ਇੱਕ ਵੀਡੀਓ ਦਿਖਾਈ ਜਾਂਦੀ ਹੈ ਕਿ ਜੇਕਰ ਤੁਹਾਨੂੰ 1 ਤੋਂ 10 ਲੱਖ ਰੁਪਏ ਤੱਕ ਦੀ ਮਾਲੀ ਮਦਦ ਦੀ ਲੋੜ ਹੈ ਤਾਂ ਸਾਡੇ ਵਟਸਐਪ ਨੰਬਰ 'ਤੇ ਹੁਣੇ ਕਾਲ ਕਰੋ । ਅਸੀਂ ਤੁਹਾਡੀ ਮੱਦਦ ਤਤਕਾਲ ਕਰ ਦਿਆਂਗੇ ਕਿਉਂਕਿ ਸਾਡੇ ਕੋਲ ਯੂ.ਕੇ. ਦੇ ਦਾਨੀਆਂ ਵੱਲੋਂ ਦਾਨ ਕੀਤਾ ਗਿਆ ਬਹੁਤ ਵੱਡਾ ਫੰਡ ਹੈ ਅਤੇ ਅਸੀਂ ਐਨ.ਜੀ.ਓ ਸਿਰਫ ਲੋੜਵੰਦਾਂ ਦੀ ਮਦਦ ਲਈ ਬਣਾਈ ਹੋਈ ਹੈ । ਇਸ ਵੀਡੀਓ ਨੂੰ ਵੇਖ ਕੇ ਲੋੜਵੰਦ ਖਾਸ ਕਰਕੇ ਗਰੀਬ ਆਦਮੀ ਦਿੱਤੇ ਗਏ ਵਟਸਐੱਪ ਨੰਬਰ 'ਤੇ ਕਾਲ ਕਰਦਾ ਹੈ ਅਤੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਹਨ ਅਤੇ ਕਿਸ ਵਾਸਤੇ ਚਾਹੀਦੇ ਹਨ। ਲੋੜਵੰਦ ਵਿਅਕਤੀ ਆਪਣੀ ਮਜਬੂਰੀ ਵੱਸ ਹਿਸਾਬ ਨਾਲ ਜਰੂਰਤ ਮੁਤਾਬਿਕ ਲੋੜ ਅਨੁਸਾਰ ਰੁਪਏ ਜਿੰਨਿਆਂ ਦੀ ਲੋੜ ਹੈ ਦੱਸ ਦਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਐਕਸ਼ਨ! ਨੌਕਰੀ ਤੋਂ Dismiss ਕੀਤੇ ਗਏ ਮੁਲਾਜ਼ਮ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਫਿਰ ਕੀ ਠੱਗਾਂ ਦੇ ਵਿਛਾਏ ਜਾਲ ਦਾ ਲੋੜਵੰਦ ਸ਼ਿਕਾਰ ਹੋ ਜਾਂਦਾ ਹੈ ਅਤੇ ਉਸਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਆਧਾਰ ਕਾਰਡ, ਘਰ ਦਾ ਐਡਰੈਸ ਅਤੇ ਬੈਂਕ ਅਕਾਊਂਟ ਜਾਂ ਜੀ ਪੇਅ ਨੰਬਰ ਸੈਂਡ ਕਰੋ । ਡਾਕੂਮੈਂਟ ਪ੍ਰਾਪਤ ਕਰਦਿਆਂ ਹੀ ਉਸ ਨੂੰ ਵਟਸਪ ਕਾਲ ਆਉਂਦੀ ਹੈ ਕਿ ਤੁਹਾਡੀ ਮੱਦਦ ਲਈ ਐਨ.ਜੀ.ਓ ਤਿਆਰ ਹੈ । ਇਸ ਲਈ ਤੁਸੀਂ ਦਿੱਤੇ ਗਏ ਸਾਡੇ ਗੂਗਲ ਪੇਅ ਨੰਬਰ ਜੋ ਅਸੀਂ ਤੁਹਾਨੂੰ ਭੇਜ ਰਹੇ ਹਾਂ ਉਸ ਉਪਰ 15000 ਰੁਪਏ ਜੀ.ਐੱਸ.ਟੀ ਦੇ ਭੇਜ ਦਿਓ ਤਾਂ ਜੋ ਤੁਹਾਡੇ ਖਾਤੇ ਵਿੱਚ ਅਸੀਂ ਤੁਹਾਡੇ ਵੱਲੋਂ ਮੰਗੀ ਗਈ ਰਕਮ ਮਦਦ ਲਈ ਪਾ ਸਕੀਏ । ਲੋੜਵੰਦ ਵਿਅਕਤੀ ਇਹ ਰਕਮ ਉਹਨਾਂ ਦੇ ਦਿੱਤੇ ਗੂਗਲ ਪੇਅ ਨੰਬਰ 'ਤੇ ਪਾ ਦਿੰਦਾ ਹੈ ਤਾਂ ਠੱਗ ਇਹ ਨੰਬਰ ਹੀ ਬੰਦ ਕਰ ਦਿੰਦੇ ਹਨ ਅਤੇ ਲੋੜਵੰਦ ਆਪਣਾ ਬੈਂਕ ਅਕਾਊਂਟ ਹੀ ਚੈੱਕ ਕਰਦਾ ਰਹਿ ਜਾਂਦਾ ਹੈ ਕਿ ਸਾਨੂੰ ਤਾਂ ਲੱਖਾਂ ਦੀ ਰਕਮ ਆਉਣੀ ਹੈ ਜਦ ਕਿ ਉਹ ਨਹੀਂ ਆਉਂਦੀ, ਤਾਂ ਫਿਰ ਉਸ ਦੀਆਂ ਅੱਖਾਂ ਖੁੱਲ ਜਾਂਦੀਆਂ ਹਨ ਕਿ ਅਸੀਂ ਦਿਨ ਦਿਹਾੜੇ ਲੁੱਟ ਕਰਨ ਵਾਲੇ ਠੱਗ ਦਾ ਸ਼ਿਕਾਰ ਬਣ ਕੇ ਲਾਲਚ ਵਸ ਆ ਕੇ ਆਪਣੇ 15000 ਵੀ ਗਵਾ ਲਏ ਹਨ । ਅਜਿਹੇ ਚੱਕਰਾਂ ਵਿਚ ਇਲਾਕੇ ਦੇ ਕਈ ਵਿਅਕਤੀ ਆਪਣੇ ਆਪ ਨੂੰ ਚੂਨਾ ਲਗਵਾ ਚੁੱਕੇ ਹਨ ਪਰ ਉਹ ਸ਼ਰਮਸ਼ਾਰ ਹੁੰਦੇ ਹੋਏ ਥਾਣੇ ਸਿਕਾਇਤ ਕਰਨ ਦਾ ਰੁੱਖ ਵੀ ਨਹੀਂ ਕਰਦੇ । ਇਸ ਲਈ ਇਹਨਾਂ ਠੱਗਾਂ ਤੋਂ ਬਚਣ ਲਈ ਸੁਚੇਤ ਹੋਈਏ ਅਤੇ ਹੋਰਾਂ ਨੂੰ ਵੀ ਜਾਗਰੂਕ ਕਰੀਏ।
