UPSC Mains ਪ੍ਰੀਖਿਆ ਦੇ ਨਤੀਜੇ ਹੋਏ ਜਾਰੀ, 2,526 ਉਮੀਦਵਾਰ ਇੰਟਰਵਿਊ ਲਈ ਹੋਏ ਯੋਗ

Thursday, Nov 05, 2026 - 11:30 PM (IST)

UPSC Mains ਪ੍ਰੀਖਿਆ ਦੇ ਨਤੀਜੇ ਹੋਏ ਜਾਰੀ, 2,526 ਉਮੀਦਵਾਰ ਇੰਟਰਵਿਊ ਲਈ ਹੋਏ ਯੋਗ

ਨਵੀਂ ਦਿੱਲੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ 2026 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਯੂ.ਪੀ.ਐੱਸ.ਸੀ. ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਕਮਿਸ਼ਨ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਕੁੱਲ 2,526 ਉਮੀਦਵਾਰਾਂ ਨੇ ਅਗਲੇ ਪੜਾਅ ਯਾਨੀ ਪਰਸਨੈਲਿਟੀ ਟੈਸਟ (ਇੰਟਰਵਿਊ) ਲਈ ਯੋਗਤਾ ਹਾਸਲ ਕੀਤੀ ਹੈ।

ਇੰਟਰਵਿਊ ਲਈ ਯੋਗ ਘੋਸ਼ਿਤ ਕੀਤੇ ਗਏ ਉਮੀਦਵਾਰਾਂ ਨੂੰ ਅਧਿਕਾਰਤ ਪੋਰਟਲ 'ਤੇ ਜਾ ਕੇ ਆਪਣੇ ਆਨਲਾਈਨ ਐਪਲੀਕੇਸ਼ਨ ਫਾਰਮ ਵਿੱਚ ਜ਼ਰੂਰੀ ਵੇਰਵੇ ਭਰਨੇ ਜਾਂ ਅਪਡੇਟ ਕਰਨੇ ਹੋਣਗੇ। ਇਹ ਸੁਵਿਧਾ UPSC ਦੇ ਪੋਰਟਲ 'ਤੇ 11 ਨਵੰਬਰ ਤੋਂ 25 ਨਵੰਬਰ 2026 ਤੱਕ ਸ਼ਾਮ 6 ਵਜੇ ਤੱਕ ਉਪਲਬਧ ਰਹੇਗੀ। ਕਮਿਸ਼ਨ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇੰਟਰਵਿਊ ਦੌਰਾਨ ਦਸਤਾਵੇਜ਼ਾਂ ਦੀ ਜਾਂਚ (ਵੈਰੀਫਿਕੇਸ਼ਨ) ਲਈ ਆਪਣੇ ਅਸਲ ਦਸਤਾਵੇਜ਼—ਜਿਵੇਂ ਉਮਰ, ਵਿਦਿਅਕ ਯੋਗਤਾ, ਜਾਤੀ, EWS ਅਤੇ PwBD ਸਰਟੀਫਿਕੇਟ—ਤਿਆਰ ਰੱਖਣ।

ਯੂ.ਪੀ.ਐੱਸ.ਸੀ. ਸਿਵਲ ਸੇਵਾਵਾਂ ਮੇਨਜ਼ ਪ੍ਰੀਖਿਆ 21 ਤੋਂ 30 ਅਗਸਤ 2026 ਤੱਕ ਆਯੋਜਿਤ ਕੀਤੀ ਗਈ ਸੀ। ਪ੍ਰੀਲਿਮਸ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੁੱਲ 13,343 ਉਮੀਦਵਾਰਾਂ ਨੇ ਲਿਖਤੀ (ਮੇਨਜ਼) ਪ੍ਰੀਖਿਆ ਦਿੱਤੀ ਸੀ। ਸਫ਼ਲ ਉਮੀਦਵਾਰਾਂ ਦੇ ਇੰਟਰਵਿਊ ਧੌਲਪੁਰ ਹਾਊਸ, ਸ਼ਾਹਜਹਾਂ ਰੋਡ, ਨਵੀਂ ਦਿੱਲੀ ਸਥਿਤ UPSC ਦਫ਼ਤਰ ਵਿੱਚ ਕਰਵਾਏ ਜਾਣਗੇ। ਉਮੀਦਵਾਰਾਂ ਨੂੰ ਈ-ਸਮਨ ਲੈਟਰ ਵੈੱਬਸਾਈਟ ਤੋਂ ਹੀ ਡਾਊਨਲੋਡ ਕਰਨੇ ਪੈਣਗੇ, ਕਮਿਸ਼ਨ ਵੱਲੋਂ ਕੋਈ ਵੀ ਭੌਤਿਕ (ਡਾਕ ਰਾਹੀਂ) ਸਮਨ ਪੱਤਰ ਨਹੀਂ ਭੇਜਿਆ ਜਾਵੇਗਾ। ਮੇਨਜ਼ ਪ੍ਰੀਖਿਆ ਅਤੇ ਇੰਟਰਵਿਊ ਵਿੱਚ ਮਿਲੇ ਅੰਕਾਂ ਦੇ ਆਧਾਰ 'ਤੇ ਹੀ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।


author

Inder Prajapati

Content Editor

Related News