ਹਸਪਤਾਲਾਂ ''ਚ ''ਸਿੰਗਲ-ਯੂਜ਼'' ਮੈਡੀਕਲ ਡਿਵਾਈਸਾਂ ਦੀ ਮੁੜ ਵਰਤੋਂ ''ਤੇ ਰੋਕ, ਸਾਰੇ ਸੂਬਿਆਂ ਨੂੰ ਨਿਰਦੇਸ਼ ਜਾਰੀ

Sunday, Oct 25, 2026 - 12:56 AM (IST)

ਹਸਪਤਾਲਾਂ ''ਚ ''ਸਿੰਗਲ-ਯੂਜ਼'' ਮੈਡੀਕਲ ਡਿਵਾਈਸਾਂ ਦੀ ਮੁੜ ਵਰਤੋਂ ''ਤੇ ਰੋਕ, ਸਾਰੇ ਸੂਬਿਆਂ ਨੂੰ ਨਿਰਦੇਸ਼ ਜਾਰੀ

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਸਿਹਤ ਸੇਵਾਵਾਂ ਦੇ ਜਨਰਲ ਡਾਇਰੈਕਟੋਰੇਟ (DGHS) ਨੇ ਦੇਸ਼ ਭਰ ਦੇ ਸਾਰੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ 'ਸਿੰਗਲ-ਯੂਜ਼' ਮੈਡੀਕਲ ਡਿਵਾਈਸਾਂ ਅਤੇ ਡਿਸਪੋਜ਼ੇਬਲ ਡਿਵਾਈਸਾਂ ਦੀ ਦੁਬਾਰਾ ਵਰਤੋਂ ਕਰਨ 'ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਇਨ੍ਹਾਂ ਇੱਕ ਵਾਰ ਵਰਤੋਂ ਵਾਲੇ ਡਿਵਾਈਸਾਂ ਨੂੰ ਸਟੇਰਿਲਾਈਜ਼ (ਕੀਟਾਣੂ-ਮੁਕਤ) ਕਰਕੇ ਦੂਜੀ ਵਾਰ ਵਰਤਣਾ ਗ਼ੈਰ-ਕਾਨੂੰਨੀ ਹੈ, ਕਿਉਂਕਿ ਇਸ ਨਾਲ ਮਰੀਜ਼ਾਂ ਵਿੱਚ ਗੰਭੀਰ ਇਨਫੈਕਸ਼ਨ ਫੈਲਣ ਅਤੇ ਜਾਨ ਜਾਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ।

ਸਿਹਤ ਸੇਵਾ ਜਨਰਲ ਡਾਇਰੈਕਟੋਰੇਟ ਨੂੰ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਈ ਹਸਪਤਾਲਾਂ ਵਿੱਚ ਸਿੰਗਲ-ਯੂਜ਼ ਮੈਡੀਕਲ ਡਿਵਾਈਸਾਂ ਨੂੰ ਸਫ਼ਾਈ ਕਰਕੇ ਵੱਖ-ਵੱਖ ਮਰੀਜ਼ਾਂ 'ਤੇ ਵਾਰ-ਵਾਰ ਵਰਤਿਆ ਜਾ ਰਿਹਾ ਹੈ। ਇਸ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਸਰਕਾਰੀ ਅਤੇ ਨਿੱਜੀ (ਪ੍ਰਾਈਵੇਟ) ਹਸਪਤਾਲਾਂ ਲਈ ਇਹ ਨਵੇਂ ਹੁਕਮ ਜਾਰੀ ਕੀਤੇ ਹਨ।

ਸਿੰਗਲ-ਯੂਜ਼ ਮੈਡੀਕਲ ਡਿਵਾਈਸ ਉਹ ਉਪਕਰਨ ਹੁੰਦੇ ਹਨ ਜੋ ਸਿਰਫ਼ ਇੱਕ ਹੀ ਮਰੀਜ਼ ਲਈ ਜਾਂ ਇੱਕ ਹੀ ਡਾਕਟਰੀ ਪ੍ਰਕਿਰਿਆ ਵਿੱਚ ਵਰਤਣ ਲਈ ਬਣਾਏ ਜਾਂਦੇ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਸੂਈਆਂ, ਸਰਿੰਜਾਂ ਅਤੇ ਹੋਰ ਡਿਸਪੋਜ਼ੇਬਲ ਡਿਵਾਈਸ ਸ਼ਾਮਲ ਹੁੰਦੇ ਹਨ। ਇਨ੍ਹਾਂ ਨੂੰ ਵਰਤੋਂ ਤੋਂ ਬਾਅਦ ਧੋ ਕੇ ਜਾਂ ਸਟੇਰਿਲਾਈਜ਼ ਕਰਕੇ ਦੂਜੀ ਵਾਰ ਵਰਤਣ ਲਈ ਡਿਜ਼ਾਈਨ ਨਹੀਂ ਕੀਤਾ ਜਾਂਦਾ।

ਡਾਕਟਰੀ ਮਾਹਰਾਂ ਅਨੁਸਾਰ ਜੇਕਰ ਇੱਕ ਵਾਰ ਵਰਤੀ ਗਈ ਸੂਈ ਜਾਂ ਸਰਿੰਜ ਕਿਸੇ ਦੂਜੇ ਮਰੀਜ਼ 'ਤੇ ਵਰਤੀ ਜਾਂਦੀ ਹੈ, ਤਾਂ ਸੰਕ੍ਰਮਿਤ ਖ਼ੂਨ ਦੇ ਜ਼ਰੀਏ ਕਈ ਜਾਨਲੇਵਾ ਬੀਮਾਰੀਆਂ ਫੈਲ ਸਕਦੀਆਂ ਹਨ। ਇਨ੍ਹਾਂ ਵਿੱਚ ਮੁੱਖ ਤੌਰ 'ਤੇ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ।

ਕੇਂਦਰ ਸਰਕਾਰ ਦੇ 'ਮੈਡੀਕਲ ਡਿਵਾਈਸਿਜ਼ ਰੂਲਜ਼, 2017' ਦੇ ਤਹਿਤ ਵੀ ਸਿੰਗਲ-ਯੂਜ਼ ਡਿਵਾਈਸਾਂ ਦੀ ਦੂਜੀ ਵਾਰ ਵਰਤੋਂ 'ਤੇ ਪਾਬੰਦੀ ਹੈ। ਸਾਰੇ ਰਾਜਾਂ ਦੇ ਸਿਹਤ ਵਿਭਾਗਾਂ ਅਤੇ ਹਸਪਤਾਲਾਂ ਨੂੰ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਆਦੇਸ਼ਾਂ ਦੀ ਉਲੰਘਣਾ ਕਰਨ ਵਾਲੀਆਂ ਸਿਹਤ ਸੰਸਥਾਵਾਂ ਅਤੇ ਹਸਪਤਾਲਾਂ ਖ਼ਿਲਾਫ਼ ਸਖ਼ਤ ਪ੍ਰਸ਼ਾਸਨਿਕ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Inder Prajapati

Content Editor

Related News