ਜਬਰ-ਜ਼ਨਾਹ ਦੇ ਮਾਮਲੇ ’ਚ 27 ਸਾਲ ਬਾਅਦ ਦਰਜ ਹੋਇਆ ਮੁਕੱਦਮਾ
Thursday, Apr 07, 2022 - 10:47 AM (IST)
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼)– ਸ਼ਾਹਜਹਾਂਪੁਰ ਜ਼ਿਲੇ ਵਿਚ ਜਬਰ-ਜ਼ਨਾਹ ਦੀ ਇਕ ਘਟਨਾ ਦਾ 27 ਸਾਲ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੈ। ਘਟਨਾ ਦੇ ਸਮੇਂ ਪੀੜਤਾ 12 ਸਾਲ ਦੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਵਲੋਂ ਭੇਜੇ ਗਏ ਡੀ. ਐੱਨ. ਏ. ਨਮੂਨੇ ਦੀ ਮੰਗਲਵਾਰ ਨੂੰ ਆਈ ਰਿਪੋਰਟ ਵਿਚ ਦੋਸ਼ੀ ਦੀ ਪਛਾਣ ਹੋ ਗਈ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਟੀਮ ਬਣਾ ਦਿੱਤੀ ਗਈ ਹੈ।
ਪੁਲਸ ਸੁਪਰਡੈਂਟ (ਨਗਰ) ਸੰਜੇ ਕੁਮਾਰ ਨੇ ਬੁੱਧਵਾਰ ਨੂੰ ਦੱਸਿਆਾ ਕਿ ਥਾਣਾ ਸਦਰ ਬਾਜ਼ਾਰ ਦੇ ਇਕ ਖੇਤਰ ਦੀ ਰਹਿਣ ਵਾਲੀ ਪੀੜਤਾ ਦੀ ਘਟਨਾ ਦੇ ਸਮੇਂ ਉਮਰ 12 ਸਾਲ ਸੀ ਅਤੇ ਮੁਹੱਲੇ ਦੇ ਹੀ ਦੋਸ਼ੀ ਹਸਨ ਅਤੇ ਉਸ ਦੇ ਛੋਟੇ ਭਰਾ ਗੁੱਡੂ ਨੇ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਸੀ। ਪੀੜਤਾ ਦਾ ਦੋਸ਼ ਹੈ ਕਿ ਦੋਵਾਂ ਦੋਸ਼ੀਆਂ ਨੇ ਉਸ ਦੇ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਬਰ-ਜ਼ਨਾਹ ਤੋਂ ਬਾਅਦ 13 ਸਾਲ ਦੀ ਉਮਰ ਵਿਚ ਪੀੜਤਾ ਗਰਭਵਤੀ ਹੋ ਗਈ ਅਤੇ 1994 ਵਿਚ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਫਿਲਹਾਲ ਪੁਲਸ ਨੇ ਦੋਸ਼ੀ ਗੁੱਡੂ ਦੀ ਗ੍ਰਿਫਤਾਰੀ ਲਈ ਇਕ ਟੀਮ ਦਾ ਗਠਨ ਕੀਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।