2 ਸਾਲ ਦੇ ਬੱਚੇ ਨੂੰ ਚੱਲਦੀ ਟਰੇਨ ਅੱਗੇ ਸੁੱਟਿਆ, ਪਾਇਲਟ ਨੇ ਇਸ ਤਰ੍ਹਾਂ ਬਚਾਈ ਜਾਨ
Wednesday, Sep 23, 2020 - 01:26 PM (IST)
ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਦੇ ਬਲੱਭਗੜ੍ਹ ਰੇਲਵੇ ਸਟੇਸ਼ਨ ਕੋਲ ਇਕ 2 ਸਾਲ ਦੇ ਮਾਸੂਮ ਨੂੰ ਉਸ ਦੇ ਹੀ ਭਰਾ ਨੇ ਚੱਲਦੀ ਟਰੇਨ ਦੇ ਸਾਹਮਣੇ ਸੁੱਟ ਦਿੱਤਾ। ਇਸ ਦੌਰਾਨ ਆਗਰਾ-ਨਵੀਂ ਦਿੱਲੀ ਰੇਲਵੇ ਟਰੈਕ ਤੇ ਮਾਲਗੱਡੀ ਦੇ ਲੋਕੋ ਪਾਇਲਟ ਦੀ ਸਮਝਦਾਰੀ ਨਾਲ ਮਾਸੂਮ ਦੀ ਜਾਨ ਵਾਲ-ਵਾਲ ਬਚਾਈ। ਲੋਕੋ ਪਾਇਲਟ ਨੇ ਹਿੰਮਤ ਦਿਖਾ ਕੇ ਐਮਰਜੈਂਸੀ ਬਰੇਕ ਲਗਾ ਦਿੱਤੀ ਅਤੇ ਉਦੋਂ ਜਾ ਕੇ ਬੱਚੇ ਦੀ ਜਾਨ ਬਚ ਸਕੀ। ਉਸ ਨੂੰ ਸਹੀ ਸਲਾਮਤ ਉਸ ਦੀ ਮਾਂ ਨੂੰ ਸੌਂਪ ਦਿੱਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਲੋਕੋ ਪਾਇਲਟ ਦੀਵਾਨ ਸਿੰਘ ਅਤੇ ਅਸਿਸਟੈਂਟ ਲੋਕੋ ਪਾਇਲਟ ਅਤੁਲ ਆਨੰਦ 21 ਤਰੀਖ਼ ਨੂੰ ਮਾਲਗੱਡੀ ਨੂੰ ਫਰੀਦਾਬਾਦ ਤੋਂ ਲੈ ਕੇ ਤੁਰੇ ਸਨ। ਇਸ ਦੌਰਾਨ ਬਲੱਭਗੜ੍ਹ ਸਟੇਸ਼ਨ ਕੋਲ ਅਚਾਨਕ ਹੀ ਇਕ 15 ਸਾਲ ਦੇ ਮੁੰਡੇ ਨੇ 2 ਸਾਲ ਦੇ ਮਾਸੂਮ ਨੂੰ ਉਛਾਲ ਕੇ ਟਰੈਕ 'ਤੇ ਸੁੱਟ ਦਿੱਤਾ। ਟਰੇਨ 'ਚ ਤਾਇਨਾਤ ਆਗਰਾ ਮੰਡਲ ਦੇ ਲੋਕੋ ਪਾਇਲਟ ਦੀਵਾਨ ਸਿੰਘ ਨੇ ਤੁਰੰਤ ਬਰੇਕ ਲਗਾ ਕੇ ਬੱਚੇ ਨੂੰ ਬਚਾ ਲਿਆ। ਰੈਸਕਿਊ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
आगरा : चलती ट्रेन के आगे भाई ने फेंक दिया दो साल का भाई। pic.twitter.com/m79XD6Q4uS
— namita verma (@Namita010) September 23, 2020
ਆਗਰਾ ਪਹੁੰਚ ਕੇ ਲੋਕੋ ਪਾਇਲਟ ਨੇ ਇਸ ਘਟਨਾਕ੍ਰਮ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਲੋਕੋ ਪਾਇਲਟ ਬਰੇਕ ਲਗਾਉਣ 'ਤੇ ਉਤਰਿਆ ਤਾਂ ਬੱਚਾ ਪਹੀਏ ਦਰਮਿਆਨ ਫਸਿਆ ਸੀ। ਹਾਲਾਂਕਿ ਬੱਚਾ ਠੀਕ ਸੀ ਅਤੇ ਬਹੁਤ ਡਰ ਗਿਆ ਸੀ। ਲੋਕੋ ਪਾਇਲਟ ਨੇ ਉਸ ਨੂੰ ਇੰਜਣ 'ਚੋਂ ਕੱਢ ਕੇ ਮਾਂ ਨੂੰ ਸੌਂਪ ਦਿੱਤਾ। ਇਸ ਪੂਰੀ ਘਟਨਾ ਦੀ ਜਾਣਕਾਰੀ ਉਸ ਨੇ ਆਗਰਾ ਛਾਉਣੀ ਸਟੇਸ਼ਨ 'ਤੇ ਸੀਨੀਅਰ ਮੰਡਲ ਬਿਜਲੀ ਇੰਜੀਨੀਅਰ ਉੱਤਰ ਪ੍ਰਦੇਸ਼ ਰੇਲਵੇ ਨੂੰ ਵੀਡੀਓ ਸਮੇਤ ਲਿਖਤੀ ਜਾਣਕਾਰੀ ਦਿੱਤੀ। ਉੱਥੇ ਹੀ ਆਗਰਾ ਰੇਲ ਮੰਡਲ ਦੇ ਪੀਆਰਓ/ਡੀਸੀਐੱਮ. ਐੱਸ.ਕੇ. ਸ਼੍ਰੀਵਾਸਤਵ ਨੇ ਕਿਹਾ ਕਿ ਦੋਵੇਂ ਲੋਕੋ ਪਾਇਲਟ ਨੇ ਇਹ ਕੰਮ ਕਰ ਕੇ ਮਨੁੱਖਤਾ ਦੀ ਮਿਸਾਲ ਦਿੱਤੀ ਹੈ। ਇਸ ਸ਼ਲਾਘਾਯੋਗ ਕੰਮ ਲਈ ਉਨ੍ਹਾਂ ਨੂੰ ਵਿਭਾਗ ਵਲੋਂ ਸਨਮਾਨਤ ਕੀਤਾ ਜਾਵੇਗਾ।