ਯੂ.ਪੀ. 'ਚ CAA ਖਿਲਾਫ ਭਾਰੀ ਹੰਗਾਮਾ, ਪ੍ਰਦਰਸ਼ਨਕਾਰੀਆਂ ਨੇ ਰੋਡਵੇਜ ਦੀ ਬੱਸ ਨੂੰ ਲਗਾਈ ਅੱਗ

12/19/2019 2:11:27 PM

ਸੰਬਲ—ਨਾਗਰਿਕਤਾ ਸੋਧ ਕਾਨੂੰਨ ਖਿਲਾਫ ਉਤਰ ਪ੍ਰਦੇਸ਼ ਦੇ ਸੰਬਲ 'ਚ ਪ੍ਰਦਰਸ਼ਨ ਹਿੰਸਕ ਹੋ ਗਿਆ। ਇੱਥੇ ਪ੍ਰਦਰਸ਼ਨਕਾਰੀਆਂ ਨੇ ਰੋਡਵੇਜ ਦੀ ਇੱਕ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। ਕਾਨੂੰਨ ਦੇ ਵਿਰੋਧ 'ਚ ਸੂਬੇ ਦੀ ਰਾਜਧਾਨੀ ਲਖਨਊ 'ਚ ਵੀ ਪ੍ਰਦਰਸ਼ਨ ਹੋ ਰਹੇ ਹਨ। ਸੂਬੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਸ ਨੇ ਵੱਖ-ਵੱਖ ਜ਼ਿਲਿਆਂ ਤੋਂ ਸੈਕੜੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਹੈ।  

PunjabKesari

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਬਿੱਲ ਲੋਕ ਸਭਾ 'ਚ 9 ਦਸੰਬਰ 2019 ਨੂੰ ਪਾਸ ਹੋਣ ਤੋਂ ਬਾਅਦ 11 ਦਸੰਬਰ 2019 ਨੂੰ ਰਾਜਸਭਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੇਸ਼ ਕੀਤਾ, ਜਿੱਥੇ ਇਕ ਲੰਬੀ ਬਹਿਸ ਤੋਂ ਬਾਅਦ ਪਾਸ ਹੋ ਗਿਆ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਹ ਨਾਗਰਿਕਤਾ ਸੋਧ ਕਾਨੂੰਨ ਬਣ ਗਿਆ। ਇਸ ਕਾਨੂੰਨ ਦੇ ਵਿਰੋਧ 'ਚ ਆਸਾਮ, ਬੰਗਾਲ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ।

15 ਦਸੰਬਰ ਨੂੰ ਇਸ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨ ਦੌਰਾਨ ਹਿੰਸਾ ਹੋਈ। ਇਸ ਪ੍ਰਦਰਸ਼ਨ 'ਚ ਕਈ ਵਿਦਿਆਰਥੀਆਂ ਸਮੇਤ ਪੁਲਸ ਦੇ ਜਵਾਨ ਵੀ ਜ਼ਖਮੀ ਹੋ ਗਏ। ਜਾਮੀਆ ਦੀ ਘਟਨਾ ਦੇ ਅਗਲੇ ਦਿਨ 16 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸੀਲਮਪੁਰ 'ਚ ਕਾਫੀ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਦੌਰਾਨ ਪਥਰਾਅ ਦੀ ਘਟਨਾ ਵੀ ਵਾਪਰੀ। 17 ਦਸੰਬਰ ਨੂੰ ਦੇਸ਼ ਦੇ ਕਈ ਹੋਰ ਹਿੱਸਿਆਂ 'ਚ ਵੀ ਪ੍ਰਦਰਸ਼ਨ ਸ਼ੁਰੂ ਹੋ ਗਿਆ। ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਮਰਥਨ 'ਚ ਦੇਸ਼ ਦੀਆਂ ਕਈ ਯੂਨੀਵਰਸਿਟੀਆਂ 'ਚ ਵੀ ਪ੍ਰਦਰਸ਼ਨ ਹੋਏ। ਕਈ ਯੂਨੀਵਰਸਿਟੀਆਂ ਨੂੰ 5 ਜਨਵਰੀ 2020 ਤੱਕ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਅੱਜ ਭਾਵ 19 ਦਸੰਬਰ 2019 ਨੂੰ ਦੇਸ਼ ਦੇ ਕਈ ਹਿੱਸਿਆ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਇੰਟਰਨੈੱਟ ਸੇਵਾ ਠੱਪ ਹੈ।


Iqbalkaur

Content Editor

Related News