ਦਿੱਲੀ ਨਗਰ ਨਿਗਮ ਦੀ ਬੈਠਕ ''ਚ ਹੰਗਾਮਾ, BJP ਨੇ ਮਿੱਟੀ ਦਾ ਘੜਾ ਲੈ ਕੇ ਕੀਤਾ ਵਿਰੋਧ ਪ੍ਰਦਰਸ਼ਨ
Thursday, Jun 27, 2024 - 05:30 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਾਣੀ ਦੇ ਸੰਕਟ ਨੂੰ ਲੈ ਕੇ ਸਿਆਸਤ ਜਾਰੀ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਦਿੱਲੀ ਵਿਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਆਹਮਣੇ-ਸਾਹਮਣੇ ਹਨ। ਵੀਰਵਾਰ ਨੂੰ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੀ ਬੈਠਕ 'ਚ ਜ਼ੋਰਦਾਰ ਹੰਗਾਮਾ ਹੋਇਆ। ਭਾਜਪਾ ਕੌਂਸਲਰ ਨੇ ਪਾਣੀ ਦੇ ਸੰਕਟ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਕੌਂਸਲਰ ਨੇ ਮਿੱਟੀ ਦਾ ਘੜਾ ਲੈ ਕੇ ਪਹੁੰਚੇ ਅਤੇ ਜੈ ਸ਼੍ਰੀਰਾਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਨਾਅਰੇਬਾਜ਼ੀ ਦਰਮਿਆਨ ਮੇਅਰ ਸ਼ੈਲੀ ਓਬਰਾਏ ਨੇ ਸਦਨ ਦੀ ਕਾਰਵਾਈ ਅਗਲੀ ਬੈਠਕ ਤੱਕ ਮੁਲਤਵੀ ਕਰ ਦਿੱਤੀ।
ਇਹ ਵੀ ਪੜ੍ਹੋ- 'ਜਲ ਸੰਕਟ' ਨੂੰ ਲੈ ਕੇ ਦਿੱਲੀ ਦੇ ਮੰਤਰੀਆਂ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਾਨੂੰ ਦਿਵਾਓ ਸਾਡੇ ਹੱਕ ਦਾ ਪਾਣੀ
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਨਗਰ ਨਿਗਮ ਹਾਊਸ ਦੀ ਇਹ ਪਹਿਲੀ ਮੀਟਿੰਗ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਬੈਠਕ ਹੈ। ਬੈਠਕ ਸ਼ੁਰੂ ਹੁੰਦੇ ਹੀ ਦਿੱਲੀ ਵਿਚ ਪਾਣੀ ਦੇ ਸੰਕਟ ਨੂੰ ਲੈ ਕੇ ਭਾਜਪਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਦੋਂ ਭਾਜਪਾ ਕੌਂਸਲਰ ਨਹੀਂ ਰੁਕੇ ਤਾਂ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਭਾਜਪਾ ਕੌਂਸਲਰਾਂ ਨੇ ਪੁੱਛਿਆ ਕਿ ਦਿੱਲੀ ਵਾਲਿਆਂ ਨੂੰ ਪਾਣੀ ਕਦੋਂ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਕੌਂਸਲਰਾਂ ਦੇ ਹੰਗਾਮੇ ਕਾਰਨ ਕੋਈ ਨਵਾਂ ਪ੍ਰਸਤਾਵ ਵੀ ਪਾਸ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ- ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਾਣੀ ਦੇ ਸੰਕਟ ਨੂੰ ਲੈ ਕੇ ਬੈਠੇ ਸਨ ਭੁੱਖ-ਹੜਤਾਲ 'ਤੇ
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਦਿੱਲੀ ਨੂੰ ਹਰਿਆਣਾ ਤੋਂ ਪਾਣੀ ਮਿਲਦਾ ਹੈ ਪਰ ਹਰਿਆਣਾ ਦੀ ਭਾਜਪਾ ਸਰਕਾਰ ਦਿੱਲੀ ਵਾਸੀਆਂ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਨਹੀਂ ਦੇ ਰਹੀ। ਜਿਸ ਕਾਰਨ ਦਿੱਲੀ ਵਿਚ ਪਾਣੀ ਦਾ ਸੰਕਟ ਵਧ ਗਿਆ ਹੈ। 'ਆਪ' ਸਰਕਾਰ ਦੇ ਜਲ ਮੰਤਰੀ ਆਤਿਸ਼ੀ ਵੀ ਦਿੱਲੀ 'ਚ ਪਾਣੀ ਦੀ ਸਮੱਸਿਆ ਨੂੰ ਲੈ ਕੇ 'ਅਣਮਿੱਥੇ ਸਮੇਂ ਦੀ ਭੁੱਖ ਹੜਤਾਲ' 'ਤੇ ਸਨ ਪਰ ਹੜਤਾਲ ਦੇ ਪੰਜਵੇਂ ਦਿਨ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਆਤਿਸ਼ੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਦੇ ਨਾਲ ਹੀ ਭਾਜਪਾ ਦਿੱਲੀ ਵਿਚ ਪਾਣੀ ਦੇ ਸੰਕਟ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।