ਰਾਜਸਥਾਨ ਤੋਂ ਬਾਅਦ ਹੁਣ UP ''ਚ ਪੁਜਾਰੀ ''ਤੇ ਜਾਨਲੇਵਾ ਹਮਲਾ, ਬਦਮਾਸ਼ਾਂ ਨੇ ਮਾਰੀ ਗੋਲੀ

10/11/2020 1:27:58 PM

ਲਖਨਊ— ਰਾਜਸਥਾਨ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਮੰਦਰ ਦੇ ਪੁਜਾਰੀ ਨੂੰ ਗੋਲੀ ਮਾਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿਚ ਬਦਮਾਸ਼ਾਂ ਨੇ ਰਾਮ ਜਾਨਕੀ ਮੰਦਰ ਦੇ ਪੁਜਾਰੀ ਨੂੰ ਗੋਲੀ ਮਾਰੀ। ਜਿਸ ਸਮੇਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ, ਉਸ ਸਮੇਂ ਪੁਜਾਰੀ ਸੁੱਤਾ ਹੋਇਆ ਸੀ। ਦੇਰ ਰਾਤ ਕਰੀਬ 2 ਵਜੇ 4 ਲੋਕ ਜ਼ਮੀਨੀ ਵਿਵਾਦ ਦੇ  ਚੱਲਦੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਦਾਖ਼ਲ ਹੋਏ ਅਤੇ ਗੋਲੀ ਮਾਰ ਕੇ ਫਰਾਰ ਹੋ ਗਏ। ਇਸ ਘਟਨਾ ਮਗਰੋਂ ਇਲਾਕੇ ਵਿਚ ਭਾਜੜਾਂ ਪੈ ਗਈਆਂ ਹਨ। ਮਾਮਲੇ ਦੀ ਸੂਚਨਾ ਮਿਲਦੇ ਹੀ ਆਲਾ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ। 

ਪੁਜਾਰੀ ਦੇ ਖੱਬੇ ਮੋਢੇ 'ਤੇ ਗੋਲੀ ਲੱਗਣ ਮਗਰੋਂ ਨਿਕਲ ਗਈ। ਪੁਲਸ ਨੇ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਲਖਨਊ ਟਰਾਮਾ ਸੈਂਟਰ ਭੇਜ ਦਿੱਤਾ ਹੈ। ਇਸ ਸਿਲਸਿਲੇ ਵਿਚ 4 ਲੋਕਾਂ ਖ਼ਿਲਾਫ਼ ਨਾਮਜ਼ਦ ਰਿਪੋਰਟ ਲਿਖਵਾਈ ਗਈ ਹੈ, ਜਿਨ੍ਹਾਂ 'ਚੋਂ 2 ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਇਹ ਸਨਸਨੀਖੇਜ ਵਾਰਦਾਤ ਗੋਂਡਾ ਦੇ ਇਟੀਯਾਥੋਕ ਥਾਣਾ ਖੇਤਰ ਦੇ ਤਿਰੇਮਨੋਰਮਾ ਵਿਚ ਵਾਪਰੀ। ਰਾਮ ਜਾਨਕੀ ਮੰਦਰ ਦੇ ਪੁਜਾਰੀ ਸਮਰਾਟ ਦਾਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਜਾਰੀ ਨੂੰ ਗੋਲੀ ਮਾਰੇ ਜਾਣ ਮਗਰੋਂ ਹੰਗਾਮਾ ਹੋ ਗਿਆ ਅਤੇ ਤੁਰੰਤ ਵੱਡੇ ਅਧਿਕਾਰੀ ਮੌਕੇ 'ਤੇ ਪੁੱਜੇ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਭੂ-ਮਾਫ਼ੀਆਂ ਦੀ ਨਜ਼ਰ ਮੰਦਰ ਦੀ ਬੇਸ਼ਕੀਮਤੀ ਜ਼ਮੀਨ 'ਤੇ ਹੈ। ਜ਼ਮੀਨ ਖ਼ਾਤਰ ਹੀ ਪੁਜਾਰੀ 'ਤੇ ਜਾਨਲੇਵਾ ਹਮਲਾ ਹੋਇਆ ਹੈ। ਪੁਜਾਰੀ ਸਮਰਾਟ ਦਾਸ ਨੇ 4 ਅਜਿਹੇ ਲੋਕਾਂ 'ਤੇ ਹਮਲੇ ਦਾ ਸ਼ੱਕ ਜਤਾਇਆ ਹੈ, ਜਿਨ੍ਹਾਂ ਨਾਲ ਉਨ੍ਹਾਂ ਦੀ ਜ਼ਮੀਨੀ ਵਿਵਾਦ ਦੀ ਵਜ੍ਹਾ ਕਾਰਨ ਰੰਜਿਸ਼ ਚੱਲ ਰਹੀ ਹੈ।


Tanu

Content Editor Tanu