ਜੇਲ੍ਹ ਦੀ ਸਜ਼ਾ ਕੱਟਦੇ ਕੈਦੀ ਬਣ ਗਿਆ ''ਲੱਖਪਤੀ''

Friday, Sep 06, 2024 - 04:59 PM (IST)

ਫਰੂਖਾਬਾਦ- ਉੱਤਰ ਪ੍ਰਦੇਸ਼ ਦੇ ਫਰੂਖਾਬਾਦ 'ਚ ਇਕ ਕੈਦੀ ਹੋਰ ਕੈਦੀਆਂ ਨੂੰ ਕਾਨੂੰਨੀ ਸਲਾਹ ਦੇਣ ਅਤੇ ਚਿੱਠੀਆਂ ਲਿਖਣ 'ਚ ਮਦਦ ਕਰ ਕੇ 'ਲੱਖਪਤੀ' ਬਣ ਗਿਆ ਅਤੇ ਉਸ ਨੂੰ 1.04 ਲੱਖ ਰੁਪਏ ਦਾ ਮਿਹਨਤਾਨਾ ਮਿਲਿਆ। ਜੇਲ੍ਹ ਅਧਿਕਾਰੀਆਂ ਮੁਤਾਬਕ ਕੈਦੀ ਕੁਲਦੀਪ ਸਿੰਘ ਨੂੰ ਇਹ ਮਿਹਨਤਾਨਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮਿਲਿਆ ਹੈ। ਕੁਲਦੀਪ ਸਿੰਘ 14 ਨਵੰਬਰ 2017 ਤੋਂ ਜ਼ਿਲ੍ਹਾ ਜੇਲ੍ਹ 'ਚ ਬੰਦ ਹੈ ਅਤੇ ਉਸ ਕੋਲ ਬੈਚਲਰ ਦੀ ਡਿਗਰੀ ਹੈ।

ਕੁਲਦੀਪ ਸਿੰਘ ਨੂੰ 2022 "ਪੈਰਾ-ਲੀਗਲ ਵਲੰਟੀਅਰ" ਵਜੋਂ ਕੀਤਾ ਨਿਯੁਕਤ

ਕਤਲ ਦੇ ਇਕ ਕੇਸ 'ਚ ਦੋਸ਼ੀ ਕੁਲਦੀਪ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜੇਲ੍ਹ ਸੁਪਰਡੈਂਟ ਭੀਮਸੇਨ ਮੁਕੁੰਦ ਨੇ ਉਸ ਨੂੰ ਪਟੀਸ਼ਨ ਲਿਖਣ ਲਈ ਕੈਦੀ ਸਹਾਇਕ ਵਜੋਂ ਨਿਯੁਕਤ ਕੀਤਾ ਸੀ। ਉਸ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਤਤਕਾਲੀ ਸਕੱਤਰ, ਅਚਲ ਪ੍ਰਤਾਪ ਸਿੰਘ ਨੇ ਉਸ ਨੂੰ 19 ਮਈ 2022 ਨੂੰ ਜੇਲ੍ਹ ਵਿਚ ਸਥਾਪਤ "ਲੀਗਲ ਏਡ ਕਲੀਨਿਕ" ਵਿਚ "ਪੈਰਾ-ਲੀਗਲ ਵਲੰਟੀਅਰ" ਵਜੋਂ ਨਿਯੁਕਤ ਕੀਤਾ।

ਕੁਲਦੀਪ ਦੇ ਬੈਂਕ ਖ਼ਾਤੇ 'ਚ ਟਰਾਂਸਫਰ ਕੀਤੇ ਗਏ 1.04 ਲੱਖ ਰੁਪਏ 

PunjabKesari

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੰਜੇ ਕੁਮਾਰ ਨੇ ਦੱਸਿਆ ਕਿ ਸਮੇਂ ਦੇ ਨਾਲ ਕੁਲਦੀਪ ਸਿੰਘ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਅਤੇ ਹਾਲ ਹੀ 'ਚ ਕੁਲਦੀਪ ਦੇ ਬੈਂਕ ਖਾਤੇ 'ਚ 1.04 ਲੱਖ ਰੁਪਏ ਦੀ ਰਕਮ ਟਰਾਂਸਫਰ ਕੀਤੀ ਗਈ। ਜੇਲ੍ਹ ਸੁਪਰਡੈਂਟ ਭੀਮਸੇਨ ਮੁਕੁੰਦ ਨੇ ਦੱਸਿਆ ਕਿ ਜਦੋਂ ਜਮ੍ਹਾ ਕੀਤੀ ਗਈ ਰਕਮ ਨੂੰ ਵਿਖਾਉਣ ਵਾਲੀ ਬੈਂਕ ਸਟੇਟਮੈਂਟ ਮਿਲੀ ਤਾਂ ਕੁਲਦੀਪ ਬਹੁਤ ਖੁਸ਼ ਹੋਇਆ। ਇਸ ਘਟਨਾ ਨੇ ਹੋਰ ਕੈਦੀਆਂ ਨੂੰ ਵੀ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੈਰਾ ਲੀਗਲ ਵਲੰਟੀਅਰ ਉਨ੍ਹਾਂ ਕੈਦੀਆਂ ਦੀ ਮਦਦ ਕਰਦੇ ਹਨ, ਜੋ ਕਾਨੂੰਨੀ ਸਲਾਹ ਲੈਣ ਵਿਚ ਅਸਮਰੱਥ ਹਨ।

ਪਰਿਵਾਰ ਦਾ ਪਾਲਣ ਕਰਨ 'ਚ ਕੈਦੀ ਕਰਦੇ ਨੇ ਰਾਸ਼ੀ ਦਾ ਇਸਤੇਮਾਲ

ਅਜਿਹੇ ਵਲੰਟੀਅਰ ਬੁਨਿਆਦੀ ਕਾਨੂੰਨੀ ਸਲਾਹ, ਪਟੀਸ਼ਨਾਂ ਦਾ ਖਰੜਾ ਤਿਆਰ ਕਰਨ ਜਾਂ ਅਧਿਕਾਰਤ ਸੰਚਾਰ 'ਚ ਮਦਦ ਕਰਦੇ ਹਨ। ਹਾਲਾਂਕਿ ਕੈਦੀਆਂ ਤੋਂ ਵਕੀਲਾਂ ਲਈ ਕੋਈ ਫੀਸ ਨਹੀਂ ਲਈ ਜਾਂਦੀ ਪਰ 'ਪੈਰਾ ਲੀਗਲ ਵਲੰਟੀਅਰ" ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਿਹਨਤਾਨਾ ਦਿੱਤਾ ਜਾਂਦਾ ਹੈ। ਮੁਕੁੰਦ ਨੇ ਕਿਹਾ ਕਿ ਕੈਦੀ ਆਪਣੀ ਕਮਾਈ ਦਾ ਇਸਤੇਮਾਲ ਆਪਣੇ ਪਰਿਵਾਰ ਦਾ ਪਾਲਣ ਕਰਨ, ਆਪਣੇ ਬੱਚਿਆਂ ਦੀ ਸਕੂਲ ਫ਼ੀਸ ਭਰਨ ਅਤੇ ਕਾਨੂੰਨੀ ਫੀਸ ਚੁਕਾਉਣ ਵਿਚ ਕਰਦੇ ਹਨ। ਕਈ ਕੈਦੀਆਂ ਨੇ ਆਪਣੀ ਕਮਾਈ ਦਾ ਇਸਤੇਮਾਲ ਜੁਰਮਾਨਾ ਭਰਨ ਅਤੇ ਜੇਲ੍ਹ ਤੋਂ ਆਪਣੀ ਰਿਹਾਈ ਯਕੀਨੀ ਕਰਨ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਬੰਦ ਕੈਦੀ ਆਪਣੇ ਪਰਿਵਾਰਾਂ ਨੂੰ ਚੈੱਕ ਰਾਹੀਂ ਪੈਸੇ ਭੇਜਦੇ ਹਨ।

ਕਿਉਂ ਜੇਲ੍ਹ ਦੀ ਸਜ਼ਾ ਕੱਟ ਰਿਹੈ ਕੁਲਦੀਪ ਸਿੰਘ? 

ਕੁਲੀਦਪ ਸਿੰਘ ਦਾ ਹਵਾਲਾ ਦਿੰਦੇ ਹੋਏ ਜੇਲ ਸੁਪਰਡੈਂਟ ਨੇ ਦੱਸਿਆ ਕਿ 2008 'ਚ ਕਿਸੇ ਨੇ ਉਸ ਦੇ ਦਾਦੇ 'ਤੇ ਹਮਲਾ ਕੀਤਾ ਸੀ ਅਤੇ ਫਿਰ 20 ਸਾਲ ਦੇ ਕੁਲਦੀਪ ਨੇ ਹਮਲਾਵਰ ਨੂੰ ਜ਼ਮੀਨ 'ਤੇ ਪਟਕ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਮੁਕੁੰਦ ਨੇ ਦੱਸਿਆ ਕਿ ਬਾਅਦ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਜ਼ਿਲ੍ਹਾ ਜੇਲ੍ਹ ਵਿਚ ਇਸ ਵੇਲੇ 677 ਕੈਦੀ ਹਨ, ਜਿਨ੍ਹਾਂ ਵਿਚੋਂ 80 ਵੱਖ-ਵੱਖ ਕੇਸਾਂ ਵਿਚ ਦੋਸ਼ੀ ਹਨ।


Tanu

Content Editor

Related News