ਇਸ ਯੂਨੀਵਰਸਿਟੀ ''ਚ ਜਨਮ ਦਿਨ ਮੌਕੇ ਮਿਲਦੈ ਕੰਡੋਮ

11/11/2018 5:00:17 PM

ਨਾਗਪੁਰ— ਆਪਣੇ ਬੈਚਮੇਟਸ ਦੇ ਜਨਮ ਦਿਨ ਦਾ ਇੰਤਜ਼ਾਰ ਹਰ ਕਿਸੇ ਨੂੰ ਰਹਿੰਦਾ ਹੈ। ਇਸ ਦਿਨ ਦੋਸਤ ਕੇਕ ਕੱਟਦੇ ਹਨ ਤੇ ਆਪਣੇ ਉਸ ਦੋਸਤ ਦੇ ਚਿਹਰੇ 'ਤੇ ਲਾਉਂਦੇ ਹਨ, ਜਿਸ ਦਾ ਜਨਮ ਦਿਨ ਹੁੰਦਾ ਹੈ ਪਰ ਨਾਗਪੁਰ ਯੂਨੀਵਰਸਿਟੀ ਦੇ ਇਕ ਗਰੁੱਪ ਨੇ ਇਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ। ਨਾਗਪੁਰ ਯੂਨੀਵਰਸਿਟੀ ਦੇ ਅਮਰਾਵਤੀ ਰੋਡ ਕੈਂਪਸ 'ਚ ਪੜਨ ਵਾਲੇ ਵਿਦਿਆਰਥੀ ਕਿਸੇ ਵੀ ਸਹਿਪਾਠੀ ਦਾ ਜਨਮ ਦਿਨ ਹੋਣ 'ਤੇ ਉਸ ਨੂੰ ਸੈਨਿਟਰੀ ਨੈਪਕਿਨ ਤੇ ਕੰਡੋਮ ਗਿਫਟ ਕਰਦੇ ਹਨ।

ਇਸ ਗਿਫਟ ਦੀ ਖਾਸ ਗੱਲ ਇਹ ਹੈ ਕਿ ਵਿਦਿਆਰਥੀ ਇਸ ਗਿਫਟ ਦੀ ਕੋਈ ਪੈਕਿੰਗ ਨਹੀਂ ਕਰਦੇ ਹਨ। ਉਨ੍ਹਾਂ ਦੇ ਇਸ ਪੈਕ 'ਚ ਤਿੰਨ ਕੰਡੋਮ ਦੇ ਪੈਕਟ ਤੇ ਇਕ ਸੈਨਿਟਰੀ ਨੈਪਕਿਨ ਦਾ ਪੈਕਟ ਹੁੰਦਾ ਹੈ। ਲੜਕੀ ਦਾ ਜਨਮਦਿਨ ਹੋਵੇ ਜਾਂ ਲੜਕੇ ਦਾ ਇਸ ਗਰੁੱਪ ਦੇ ਮੈਂਬਰ ਦੋਵਾਂ ਨੂੰ ਇਹੀ ਗਿਫਟ ਦਿੰਦੇ ਹਨ। ਇਹ ਵਿਦਿਆਰਥੀਆਂ ਦਾ ਸਮੂਹ ਇਸ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਦੇ ਆਖਰੀ ਸਾਲ 'ਚ ਹੈ। ਇਹ ਵਿਦਿਆਰਥੀ ਪੜਾਈ ਦੇ ਨਾਲ ਹੀ ਏਡਸ ਜਾਗਰੂਕਤਾ ਤੇ ਲੜਕੀਆਂ 'ਚ ਮਹਾਵਾਰੀ ਸਵੱਛਤਾ ਨੂੰ ਲੈ ਕੇ ਕੰਮ ਕਰ ਰਹੇ ਹਨ ਕਿਉਂਕਿ ਆਦੀਵਾਸੀ ਇਲਾਕਿਆਂ ਦੇ ਜ਼ਿਆਦਾਤਰ ਲੋਕਾਂ 'ਚ ਇਸ ਸਬੰਧੀ ਜਾਗਰੂਕਤਾ ਦੀ ਕਮੀ ਹੁੰਦੀ ਹੈ।

ਇਸ ਸਮੂਹ 'ਚ ਸ਼ਾਮਲ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਉਤਪਾਦਾਂ ਨੂੰ ਲੈ ਕੇ ਲੋਕ ਅਕਸਰ ਸ਼ਰਮ ਮਹਿਸੂਸ ਕਰਦੇ ਹਨ ਇਸ ਲਈ ਉਹ ਖੁੱਲ੍ਹੇਆਮ ਇਸ ਨੂੰ ਗਿਫਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਸਾਲ ਇਕ ਲੜਕੀ ਦੇ ਬੈਗ 'ਚੋਂ ਕੰਡੋਮ ਮਿਲਿਆ ਸੀ, ਜਿਸ ਤੋਂ ਬਾਅਦ ਉਹ ਬਹੁਤ ਡਰ ਗਈ। ਤਦ ਇਨ੍ਹਾਂ ਵਿਦਿਆਰਥੀਆਂ ਨੇ ਉਸ ਨੂੰ ਸਮਝਾਇਆ ਕਿ ਇਹ ਸ਼ੈਂਪੂ, ਸਾਬਣ ਤੇ ਹੋਰਾਂ ਚੀਜ਼ਾਂ ਵਾਂਗ ਹੀ ਇਕ ਉਤਪਾਦ ਹੈ। ਇਸ 'ਚ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਹੈ।

ਇਸ ਤੋਂ ਬਾਅਦ ਮਾਰਚ 'ਚ ਵਿਦਿਆਰਥੀਆਂ ਦੇ ਸਮੂਹ ਨੇ ਫੈਸਲਾ ਕੀਤਾ ਕਿ ਉਹ ਇਕ-ਦੂਜੇ ਦੇ ਜਨਮਦਿਨ 'ਤੇ ਕੰਡੋਮ ਤੇ ਸੈਨਿਟਰੀ ਨੈਪਕਿਨ ਦੇਣਗੇ। ਵਿਦਿਆਥੀਆਂ ਨੇ ਦੱਸਿਆ ਕਿ ਇਹ ਗਿਫਟ ਉਹ ਆਪਣੇ ਸਾਥੀਆਂ ਹੀ ਨਹੀਂ ਬਲਕਿ ਪ੍ਰੋਫੈਸਰਾਂ ਤੇ ਦੂਜੇ ਵਿਦਿਆਰਥੀਆਂ ਨੂੰ ਵੀ ਦਿੰਦੇ ਹਨ। ਪਹਿਲਾਂ ਕਈ ਲੋਕਾਂ ਨੇ ਇਸ ਨੂੰ ਅਸ਼ਲੀਲਤਾ ਦੱਸਿਆ ਪਰ ਇਸ ਦੇ ਮਹੱਤਵ ਨੂੰ ਸਮਝਦਿਆਂ ਇਸ ਗਿਫਟ ਦੀ ਹਰ ਪਾਸੇ ਸ਼ਲਾਘਾ ਹੋਣ ਲੱਗੀ।


Related News