25-25 ਲੱਖ ਰੁਪਏ ਏਜੰਟਾਂ ਨੂੰ ਦੇਣ ਵਾਲੇ ਨੌਜਵਾਨ ਪਾਟੇ ਕੱਪੜਿਆਂ ''ਚ ਅਮਰੀਕਾ ਤੋਂ ਪਰਤੇ ਦਿੱਲੀ

11/22/2019 9:04:42 AM

ਨਵੀਂ ਦਿੱਲੀ (ਇੰਟ.) : ਪਿਛਲੇ ਦਿਨੀਂ ਅਮਰੀਕਾ ਤੋਂ ਭਾਰਤ ਭੇਜੇ ਗਏ ਵੱਖ-ਵੱਖ ਨੌਜਵਾਨਾਂ ਨੇ ਇਥੇ ਪਹੁੰਚ ਕੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ 25-25 ਲੱਖ ਰੁਪਏ ਏਜੰਟਾਂ ਨੂੰ ਦਿੱਤੇ ਪਰ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਨਾ ਹੋ ਸਕੀਆਂ। ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਕਾਰਣ ਉਨ੍ਹਾਂ ਨੂੰ ਉਥੋਂ ਵਾਪਸ ਭਾਰਤ ਭੇਜ ਦਿੱਤਾ ਗਿਆ।

ਇਕ ਦਿਨ ਪਹਿਲਾਂ ਜਦੋਂ ਇਹ ਨੌਜਵਾਨ ਦਿੱਲੀ ਦੇ ਹਵਾਈ ਅੱਡੇ 'ਤੇ ਪੁੱਜੇ ਤਾਂ ਹਵਾਈ ਜਹਾਜ਼ ਵਿਚੋਂ ਹੇਠਾਂ ਉਤਰਣ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਹੱਥ-ਪੈਰ ਖੋਲ੍ਹੇ ਗਏ। 21 ਸਾਲ ਦੇ ਸੁਖਵਿੰਦਰ ਸਿੰਘ ਨੇ ਲਗਭਗ ਇਕ ਸਾਲ ਬਾਅਦ ਮੋਬਾਇਲ ਫੋਨ ਨੂੰ ਹੱਥ ਨਾਲ ਫੜਿਆ। ਆਪਣੇ ਪਿਤਾ ਨੂੰ ਜਦੋਂ ਉਸ ਨੇ ਦੱਸਿਆ ਕਿ ਮੈਂ ਦਿੱਲੀ ਆ ਗਿਆ ਹਾਂ ਅਤੇ 6 ਘੰਟਿਆਂ ਬਾਅਦ ਘਰ ਪਹੁੰਚ ਜਾਵਾਂਗਾ ਤਾਂ ਪਿਤਾ ਨੂੰ ਵੱਡਾ ਧੱਕਾ ਲੱਗਾ। ਉਨ੍ਹਾਂ ਸੁਖਵਿੰਦਰ ਨੂੰ ਪੁੱਛਿਆ ਕਿ ਕੀ ਅਮਰੀਕਾ ਵਿਚ ਗੱਲ ਨਹੀਂ ਬਣੀ ਤਾਂ ਉਸ ਨੂੰ ਇਹ ਦੱਸਦਿਆਂ ਸ਼ਰਮਿੰਦਗੀ ਦਾ ਅਹਿਸਾਸ ਹੋ ਰਿਹਾ ਸੀ ਕਿ ਅਮਰੀਕਾ ਦੇ ਐਰੀਜ਼ੋਨਾ ਤੋਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਉਹ ਦਿੱਲੀ ਪਹੁੰਚ ਚੁੱਕਾ ਹੈ।

ਦਿੱਲੀ ਵਿਚ ਜਿਹੜੇ ਭਾਰਤੀ ਪੁੱਜੇ, ਦੇ ਕੱਪੜੇ ਵਧੇਰੇ ਕਰ ਕੇ ਪਾਟੇ ਹੋਏ ਸਨ, ਬੂਟਾਂ ਵਿਚ ਤਸਮੇ ਨਹੀਂ ਸਨ। 24 ਘੰਟੇ ਦੇ ਲੰਬੇ ਸਫਰ ਕਾਰਨ ਥਕਾਨ ਉਨ੍ਹਾਂ ਦੇ ਚਿਹਰਿਆਂ 'ਤੇ ਸਪੱਸ਼ਟ ਨਜ਼ਰ ਆ ਰਹੀ ਸੀ। ਅਮਰੀਕਾ ਦੇ ਡਿਟੈਂਸ਼ਨ ਕੈਂਪਾਂ ਵਿਚ ਖਾਣ-ਪੀਣ, ਸੌਣ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਉਨ੍ਹਾਂ ਦੀ ਸਰੀਰਕ ਹਾਲਤ ਬਹੁਤ ਮਾੜੀ ਨਜ਼ਰ ਆ ਰਹੀ ਸੀ। ਵਾਪਸ ਆਏ ਕਈ ਨੌਜਵਾਨ ਕੁਆਲੀਫਾਈਡ ਇੰਜੀਨੀਅਰ ਸਨ ਪਰ ਉਨ੍ਹਾਂ ਨੂੰ ਭਾਰਤ ਵਿਚ ਕਿਤੇ ਨੌਕਰੀ ਨਹੀਂ ਮਿਲੀ ਸੀ ਅਤੇ ਉਹ ਆਪਣਾ ਭਵਿੱਖ ਵਧੀਆ ਬਣਾਉਣ ਦੇ ਇਰਾਦੇ ਨਾਲ ਅਮਰੀਕਾ ਜਾਣ ਲਈ ਏਜੰਟਾਂ ਦੇ ਝਾਂਸੇ ਵਿਚ ਫਸ ਗਏ। ਰਮਨਦੀਪ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਕਿਸੇ ਨੇ ਮੈਨੂੰ ਮੇਰੇ ਨਾਂ ਨਾਲ ਪੁਕਾਰਿਆ ਹੈ। ਡਿਟੈਂਸ਼ਨ ਕੈਂਪਾਂ ਵਿਚ ਤਾਂ ਸਾਨੂੰ ਨੰਬਰਾਂ ਨਾਲ ਬੁਲਾਇਆ ਜਾਂਦਾ ਸੀ। ਉਥੇ ਸਾਡੇ ਨਾਲ ਅਪਰਾਧੀਆਂ ਵਰਗਾ ਸਲੂਕ ਹੁੰਦਾ ਸੀ। ਕਈ-ਕਈ ਦਿਨ ਉਥੇ ਭੁੱਖੇ ਵੀ ਰਹਿਣਾ ਪੈਂਦਾ ਸੀ। ਭੋਜਨ ਵਿਚ ਕਈ ਵਾਰ ਗਊ ਦਾ ਮਾਸ ਵੀ ਦਿੱਤਾ ਜਾਂਦਾ ਸੀ, ਜਿਸ ਨੂੰ ਉਹ ਧਾਰਮਿਕ ਕਾਰਣਾਂ ਕਰ ਕੇ ਨਹੀਂ ਖਾ ਸਕਦੇ ਸੀ।

ਪੰਜਾਬ ਦੇ ਇਕ ਨੌਜਵਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ ਸੁੱਤਾ ਹੋਣ ਕਾਰਨ ਖਾਣਾ ਖਾਣ ਲਈ ਨਹੀਂ ਪਹੁੰਚ ਸਕਦਾ ਸੀ ਤਾਂ ਉਸ ਨੂੰ ਪੂਰਾ ਦਿਨ ਭੋਜਨ ਨਹੀਂ ਮਿਲਦਾ ਸੀ। ਸਭ ਨੂੰ ਇਹ ਸਖ਼ਤ ਚਿਤਾਵਨੀ ਦਿੱਤੀ ਜਾਂਦੀ ਸੀ ਕਿ ਅਜਿਹੇ ਵਿਅਕਤੀ ਨਾਲ ਆਪਣਾ ਭੋਜਨ ਸ਼ੇਅਰ ਨਹੀਂ ਕਰਨਗੇ।  


cherry

Content Editor

Related News