ਕੇਂਦਰੀ ਮੰਤਰੀ ਰਿਜਿਜੂ ਨੇ ਦਲਾਈ ਲਾਮਾ ਨੂੰ ਦੱਸਿਆ ਸ਼ਾਂਤੀ ਦੂਤ

02/26/2023 3:32:10 AM

ਇੰਟਰਨੈਸ਼ਨਲ ਡੈਸਕ—ਤਿੱਬਤੀ ਬੋਧੀ ਨਵੇਂ ਸਾਲ ’ਤੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੇ ਤਿੱਬਤੀਆਂ ਦੇ ਧਰਮ ਗੁਰੂ ਦਲਾਈ ਲਾਮਾ ਨੂੰ ਸ਼ਾਂਤੀ ਦੂਤ ਦੱਸਿਆ। ਵੀਰਵਾਰ ਨੂੰ ਉਨ੍ਹਾਂ ਕਿਹਾ ਕਿ ਤਿੱਬਤੀਆਂ ਦੇ ਹਿੱਤਾਂ 'ਚ ਅਹਿਮ ਯੋਗਦਾਨ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੇ ਤਿੱਬਤੀ ਭਾਈਚਾਰੇ ਤੱਕ ਪਹੁੰਚਾਉਣ ਦੀ ਲੋੜ ਹੈ। ਕਿਰਨ ਰਿਜਿਜੂ ਨੇ ਕਿਹਾ ਕਿ ਤਿੱਬਤੀ ਲੋਕ ਕਦੇ ਵੀ ਜਾਣਬੁੱਝ ਕੇ ਭਾਰਤ ਲਈ ਕੋਈ ਸਮੱਸਿਆ ਨਹੀਂ ਪੈਦਾ ਕਰਦੇ। ਉਹ ਬਹੁਤ ਸ਼ਾਂਤਮਈ ਲੋਕ ਹਨ ਅਤੇ ਇਸ ਦੇ ਨਾਲ ਹੀ ਦਲਾਈ ਲਾਮਾ ਸ਼ਾਂਤੀ ਦੇ ਦੂਤ ਹਨ।

ਉਨ੍ਹਾਂ ਕਿਹਾ ਕਿ ਉਹ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੂੰ ਦੁਨੀਆ ਭਰ ਤੋਂ ਪਿਆਰ ਅਤੇ ਸਤਿਕਾਰ ਮਿਲਦਾ ਹੈ। ਅਤੀਤ ਵਿਚ ਚੀਨ ਨੇ ਦਲਾਈ ਲਾਮਾ ਨੂੰ "ਸਾਧੂ ਦੇ ਪਹਿਰਾਵੇ ਵਿਚ ਭੇੜੀਆ", "ਦੋਹਰਾ ਵਪਾਰੀ" ਅਤੇ ਇੱਕ "ਵੱਖਵਾਦੀ ਨੇਤਾ" ਕਹਿ ਚੁੱਕਾ ਹੈ। ਚੀਨ ਦਾ ਮੰਨਣਾ ਹੈ ਕਿ ਦਲਾਈ ਲਾਮਾ ਤਿੱਬਤ ਨੂੰ ਚੀਨ ਤੋਂ ਵੱਖ ਕਰਨਾ ਚਾਹੁੰਦੇ ਹਨ। ਦਲਾਈ ਲਾਮਾ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦੇ ਹੋਏ ਰਿਜਿਜੂ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਦਾ ਪੂਰੀ ਦੁਨੀਆ ਵਿਚ ਸਨਮਾਨ ਅਤੇ ਸਵੀਕਾਰ ਕੀਤਾ ਜਾਂਦਾ ਹੈ। ਰਿਜਿਜੂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਤਿੱਬਤ ਤੋਂ ਵਿਸਥਾਪਿਤ ਭਾਈਚਾਰੇ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਸਮੇਂ-ਸਮੇਂ 'ਤੇ ਆਪਣੀ ਤਿੱਬਤੀ ਸ਼ਰਨਾਰਥੀ ਨੀਤੀ ਦੀ ਸਮੀਖਿਆ ਕਰਨੀ ਚਾਹੀਦੀ ਹੈ।

ਦਿੱਲੀ ਦੇ ਮਜਨੂੰ ਕਾ ਟਿੱਲਾ ਇਲਾਕੇ ’ਚ ਆਯੋਜਿਤ ਇਕ ਪ੍ਰੋਗਰਾਮ 'ਚ ਉਨ੍ਹਾਂ ਕਿਹਾ ਕਿ ਸਾਨੂੰ ਤਿੱਬਤੀ ਲੋਕਾਂ ਨਾਲ ਪੁਰਜ਼ੋਰ ਸਹਿਯੋਗ ਕਰਨਾ ਚਾਹੀਦਾ ਹੈ। ਇਕ ਦਿਨ ਤੁਸੀਂ ਉੱਥੇ ਸ਼ਾਂਤੀ ਅਤੇ ਸਵੈ-ਮਾਣ ਨਾਲ ਰਹਿ ਸਕੋਗੇ।ਉਨ੍ਹਾਂ ਕਿਹਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਬਹੁਤ ਸਾਰੇ ਤਿੱਬਤੀ ਰਹਿੰਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਭਾਰਤ ਤੋਂ ਪ੍ਰਵਾਸ ਕਰ ਚੁੱਕੇ ਹਨ। ਉਹ ਜਿੱਥੇ ਵੀ ਰਹੇ, ਉਨ੍ਹਾਂ ਨੇ ਆਪਣੀ ਤਿੱਬਤੀ ਪ੍ਰੰਪਰਾ ਦੀ ਕਦਰ ਕੀਤੀ ਅਤੇ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲੇ। ਉਨ੍ਹਾਂ ਦਲਾਈ ਲਾਮਾ ਦਾ ਹਮੇਸ਼ਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਤਿੱਬਤੀ ਸ਼ਰਨਾਰਥੀ ਨੀਤੀ ਵਿਚ ਸੋਧ ਕੀਤੀ ਹੈ ਅਤੇ ਉਹ ਭਾਰਤ ਵਿਚ ਰਹਿ ਰਹੇ ਤਿੱਬਤੀਆਂ ਦੀਆਂ ਕਈ ਬਸਤੀਆਂ ਦਾ ਦੌਰਾ ਕਰਨ ਵਾਲੇ ਪਹਿਲੇ ਕੇਂਦਰੀ ਮੰਤਰੀ ਹਨ।


Manoj

Content Editor

Related News