ਅਨੁਰਾਗ ਠਾਕੁਰ ਨੇ ਕੀਰਤਪੁਰ-ਨੇਰਚੌਕ ਚਾਰ ਮਾਰਗੀ ਸੁਰੰਗ ਦਾ ਕੀਤਾ ਨਿਰੀਖਣ
Saturday, Apr 08, 2023 - 11:15 AM (IST)
ਸਵਾਰਘਾਟ, (ਪਵਨ)- ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਹਲਕੇ ਦੇ ਐੱਮ. ਪੀ. ਅਨੁਰਾਗ ਠਾਕੁਰ ਨੇ ਉਦਘਾਟਨ ਲਈ ਤਿਆਰ ਕੀਰਤਪੁਰ-ਨੇਰਚੌਕ ਚਾਰ ਮਾਰਗੀ ਸੁਰੰਗ ਦਾ ਸ਼ੁੱਕਰਵਾਰ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਚਾਰ ਮਾਰਗੀ ਸੁਰੰਗ ਦਾ ਉਦਘਾਟਨ ਮਈ ਵਿੱਚ ਕੀਤਾ ਜਾਵੇਗਾ। ਇਸ ਦੀ ਪਹਿਲੀ ਅਤੇ ਸਭ ਤੋਂ ਵੱਡੀ ਸੁਰੰਗ ਕੈਂਚੀ ਮੋੜ ਵਿਖੇ ਹੈ। ਉਨ੍ਹਾਂ ਅਧਿਕਾਰੀਆਂ ਨਾਲ ਆਖਰੀ ਪੜਾਅ ਦੇ ਕੰਮਾਂ ਦਾ ਜਾਇਜ਼ਾ ਲਿਆ।
ਅਨੁਰਾਗ ਠਾਕੁਰ ਨੇ ਦੱਸਿਆ ਕਿ ਇਸ ਚਾਰ ਮਾਰਗੀ ਸੁਰੰਗ ਦੇ ਬਣਨ 33 ਕਿਲੋਮੀਟਰ ਦਾ ਸਫਰ ਬਚੇਗਾ ਜਿਸ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ। ਇਸ ਦੇ ਨਾਲ ਹੀ ਗੋਬਿੰਦ ਸਾਗਰ ਝੀਲ ਦੇ ਕਿਨਾਰੇ ਤੋਂ ਲੰਘਦੀ ਇਸ 4 ਮਾਰਗੀ ਸੜਕ ਕਾਰਨ ਸੈਰ-ਸਪਾਟੇ ਨੂੰ ਵੀ ਖੰਭ ਲਗਣਗੇ।
ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਚਾਰ ਮਾਰਗੀ ਸੜਕ ਦੇ ਬਣਨ ਨਾਲ ਕਿਸਾਨਾਂ, ਫੌਜ, ਮਰੀਜ਼ਾਂ ਅਤੇ ਸੈਲਾਨੀਆਂ ਨੂੰ ਫਾਇਦਾ ਹੋਵੇਗਾ। ਕੁੱਲੂ-ਮਨਾਲੀ ਜਾਣ ਵਾਲੇ ਸੈਲਾਨੀਆਂ, ਮਣੀਕਰਨ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਵੀ ਅਕਸਰ ਲੱਗਣ ਵਾਲੇ ਜਾਮ ਤੋਂ ਛੁਟਕਾਰਾ ਮਿਲੇਗਾ।