ਗਡਕਰੀ ਦੇ ਚੈਲੰਜ ’ਤੇ ਇਸ MP ਨੇ ਘਟਾਇਆ 16 ਕਿਲੋ ਵਜ਼ਨ, ਬਦਲੇ ’ਚ ਮਿਲਣਗੇ 16 ਹਜ਼ਾਰ ਕਰੋੜ
Monday, Jun 13, 2022 - 11:17 AM (IST)
ਉੱਜੈਨ- ਮੱਧ ਪ੍ਰਦੇਸ਼ ਦੇ ਉੱਜੈਨ ਸੰਸਦੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਅਨਿਲ ਫਿਰੋਜੀਆ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ’ਤੇ ਕਾਫੀ ਫੋਕਸ ਕਰ ਰਹੇ ਹਨ। ਦਰਅਸਲ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਜੇਕਰ ਫਿਰੋਜੀਆ ਚੋਣ ਖੇਤਰ ’ਚ ਵਿਕਾਸ ਕੰਮਾਂ ਲਈ ਪੈਸਾ ਚਾਹੁੰਦੇ ਹਨ ਤਾਂ ਉਹ ਜਿੰਨਾ ਕਿਲੋਗ੍ਰਾਮ ਵਜ਼ਨ ਘਟਾਉਣਗੇ, ਓਨਾ ਵੱਡਾ ਪੈਕੇਡ ਦਿੱਤਾ ਜਾਵੇਗਾ। ਗਡਕਰੀ ਨੇ ਕਿਹਾ ਸੀ ਕਿ 1 ਕਿਲੋਗ੍ਰਾਮ ਵਜ਼ਨ ਘੱਟ ਕਰਨ ’ਤੇ 1,000 ਕਰੋੜ ਰੁਪਏ ਦਾ ਪੈਕੇਜ ਮਿਲੇਗਾ।
ਫਿਰੋਜੀਆ ਨੇ ਨਿਤਿਨ ਗਡਕਰੀ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਆਪਣਾ ਵਜ਼ਨ ਘੱਟ ਕਰ ਲਿਆ ਹੈ। ਦਰਅਸਲ ਗਡਕਰੀ ਨੇ 24 ਫਰਵਰੀ ਨੂੰ ਹੋਏ ਇਕ ਪ੍ਰੋਗਰਾਮ ’ਚ ਸੰਸਦ ਮੈਂਬਰ ਅਨਿਲ ਫਿਰੋਜੀਆ ਨੂੰ ਵੇਖ ਕੇ ਕਿਹਾ ਸੀ ਕਿ ਤੁਸੀਂ ਜਿੰਨਾ ਵਜ਼ਾ ਘਟਾਉਗੇ, ਓਨੇ ਹਜ਼ਾਰ ਕਰੋੜ ਰੁਪਏ ਖੇਤਰ ਦੇ ਵਿਕਾਸ ਲਈ ਦੇਵਾਂਗਾ। ਗਡਕਰੀ ਦੇ ਇਸ ਚੈਲੰਜ ਮਗਰੋਂ ਅਨਿਲ ਨੇ ਸਾਈਕਲਿੰਗ, ਰਨਿੰਗ ਅਤੇ ਕਸਰਤ ਸ਼ੁਰੂ ਕੀਤੀ ਅਤੇ ਮਹਿਜ 3 ਮਹੀਨਿਆਂ ’ਚ 16 ਕਿਲੋ ਵਜ਼ਨ ਘੱਟ ਕਰ ਲਿਆ ਹੈ।
ਫਿਰੋਜੀਆ ਦਾ ਵਜ਼ਨ 125 ਕਿਲੋਗ੍ਰਾਮ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ 16 ਕਿਲੋ ਵਜ਼ਨ ਘੱਟ ਕਰ ਲਿਆ ਹੈ। ਜਿਸ ਦੇ ਚੱਲਦੇ ਹੁਣ ਉਹ 16000 ਕਰੋੜ ਰੁਪਏ ਮੰਗਣ ਦੇ ਹੱਕਦਾਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣਾ ਵਜ਼ਨ ਘੱਟ ਕਰਨਾ ਜਾਰੀ ਰੱਖਣਗੇ, ਤਾਂ ਕਿ ਉਨ੍ਹਾਂ ਨੂੰ ਲੋਕ ਸਭਾ ਖੇਤਰ ਨੂੰ ਵਿਕਾਸ ਲਈ ਵੱਧ ਧਨ ਮਿਲ ਸਕੇ।