ਯੁਗਾਂਡਾ ਤੇ ਭਾਰਤ ਦਰਮਿਆਨ ਵਪਾਰਕ ਅਸੰਤੁਲਨ ਨੂੰ ਆਇਆ ਹਾਂ ਠੀਕ ਕਰਨ : ਮੋਦੀ

Thursday, Jul 26, 2018 - 09:30 AM (IST)

ਕੰਪਾਲਾ,(ਏਜੰਸੀਆਂ)—3 ਅਫਰੀਕੀ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਰਾਤ 2 ਦਿਨਾ ਦੌਰੇ 'ਤੇ ਯੁਗਾਂਡਾ ਪੁੱਜੇ। ਪਿਛਲੇ 21 ਸਾਲ ਦੌਰਾਨ ਪਹਿਲੀ ਵਾਰ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਇਸ ਦੇਸ਼ ਵਿਚ ਆਇਆ ਹੈ। ਮੋਦੀ ਅਤੇ ਯੁਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਕੰਪਾਲਾ ਵਿਖੇ ਭਾਰਤੀ ਭਾਈਚਾਰੇ ਦੇ ਇਕ ਸਮਾਰੋਹ ਦੌਰਾਨ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਇਕ ਬੁੱਤ ਦੀ ਘੁੰਡ ਚੁਕਾਈ ਕੀਤੀ।

PunjabKesari
ਯਾਤਰਾ ਦੇ ਦੂਜੇ ਦਿਨ ਮੋਦੀ ਨੇ ਯੁਗਾਂਡਾ ਦੀ ਸੰਸਦ ਵਿਚ ਬੋਲਦਿਆਂ ਕਿਹਾ ਕਿ ਅਫਰੀਕਾ ਨਾਲ ਭਾਰਤ ਦੇ ਸਬੰਧ 10 ਸਿਧਾਂਤਾਂ ਤੋਂ ਨਿਰਦੇਸ਼ਤ ਹੁੰਦੇ ਰਹਿਣਗੇ। ਭਾਰਤ ਅਤੇ ਯੁਗਾਂਡਾ ਦਰਮਿਆਨ ਵਪਾਰਕ ਅਸੰਤੁਲਨ ਹੈ। ਮੈਂ ਉਸਨੂੰ ਹੀ ਠੀਕ ਕਰਨ ਲਈ ਇਥੇ ਆਇਆ ਹਾਂ। ਅਫਰੀਕਾ ਦੇ ਵਿਕਾਸ ਅਤੇ ਵਿਸ਼ਵ ਸ਼ਾਂਤੀ ਲਈ ਯੁਗਾਂਡਾ ਇਕ ਪ੍ਰਮੁੱਖ ਭੂਮਿਕਾ ਨਿਭਾਅ ਸਕਦਾ ਹੈ। ਯੁਗਾਂਡਾ ਦਾ ਅੱਗੇ ਵਧਣਾ ਜ਼ਰੂਰੀ ਹੈ।
'ਮੇਕ ਇਨ ਇੰਡੀਆ' ਬਣ ਰਿਹਾ ਹੈ ਭਾਰਤ ਦੀ ਪਛਾਣ
ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਭਾਈਵਾਲੀ ਵਿਚ ਅਜੇ 40 ਤੋਂ ਵੱਧ ਅਫਰੀਕੀ ਦੇਸ਼ਾਂ ਵਿਚ ਤਕਰੀਬਨ 11 ਅਰਬ ਡਾਲਰ ਦੀਆਂ 180 ਕਰਜ਼ਾ ਸਹੂਲਤਾਂ ਨੂੰ ਲਾਗੂ ਕਰਨਾ ਸ਼ਾਮਲ ਹੈ। 'ਮੇਕ ਇਨ ਇੰਡੀਆ' ਤੇਜ਼ੀ ਨਾਲ ਭਾਰਤ ਦੀ ਪਛਾਣ ਬਣ ਰਿਹਾ ਹੈ। ਕੰਪਾਲਾ ਵਿਚ ਭਾਰਤੀ ਹਾਈ ਕਮਿਸ਼ਨ ਮੁਤਾਬਕ ਭਾਰਤ ਦੀ ਯੁਗਾਂਡਾ ਨੂੰ  2016 ਵਿਚ ਬਰਾਮਦ 52.40 ਕਰੋੜ ਡਾਲਰ ਸੀ, ਜਦਕਿ ਯੁਗਾਂਡਾ ਤੋਂ ਬਰਾਮਦ ਸਿਰਫ 6.82 ਕਰੋੜ ਡਾਲਰ ਸੀ।
'ਗਾਂਧੀ ਵਿਰਾਸਤ ਕੇਂਦਰ' ਦੀ ਉਸਾਰੀ ਕਰੇਗਾ ਭਾਰਤ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਤਵਾਦ ਅਤੇ ਕੱਟੜਪੰਥ ਵਿਰੁੱਧ ਲੜਨ ਲਈ ਅਫਰੀਕਾ ਨਾਲ ਆਪਣਾ ਸਹਿਯੋਗ ਅਤੇ ਸਾਂਝੀ ਸਮਰੱਥਾ ਦਾ ਪਸਾਰ ਕਰੇਗਾ। ਯੁਗਾਂਡਾ ਦੇ ਜਿੰਜਾ ਵਿਖੇ ਉਸ ਪਵਿੱਤਰ ਥਾਂ 'ਤੇ ਅਸੀਂ 'ਗਾਂਧੀ ਵਿਰਾਸਤ ਕੇਂਦਰ' ਦਾ ਨਿਰਮਾਣ ਕਰਾਂਗੇ, ਜਿਥੇ ਅਜੇ ਮਹਾਤਮਾ ਗਾਂਧੀ ਦਾ ਬੁੱਤ ਲੱਗਾ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਯੁਗਾਂਡਾ-ਭਾਰਤ ਬਿਜ਼ਨੈੱਸ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਯੁਗਾਂਡਾ ਦਰਮਿਆਨ ਵਪਾਰ ਕਰਨ ਲਈ ਵਪਾਰਕ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ। ਭਾਈਚਾਰੇ ਨੂੰ ਢੁਕਵੇਂ ਹਾਲਾਤ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।


Related News