ਯੂ. ਪੀ. ’ਚ ਜਿੱਤ ਦੇ ਫਾਰਮੂਲੇ ਦੀ ਭਾਲ ’ਚ ਭਾਜਪਾ

Sunday, Jul 21, 2024 - 04:57 PM (IST)

ਯੂ. ਪੀ. ’ਚ ਜਿੱਤ ਦੇ ਫਾਰਮੂਲੇ ਦੀ ਭਾਲ ’ਚ ਭਾਜਪਾ

ਨਵੀਂ ਦਿੱਲੀ- ਅਜਿਹਾ ਲੱਗਦਾ ਹੈ ਕਿ ਭਾਜਪਾ ਆਪਣੀਆਂ ਵਿਰੋਧੀ ਪਾਰਟੀਆਂ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਬਣਾ ਰਹੀ ਹੈ। ਲੋਕ ਸਭਾ ਤੇ ਉਪ ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਲੀਡਰਸ਼ਿਪ ਹੁਣ ਨਵੀਂ ਰਣਨੀਤੀ ’ਤੇ ਕੰਮ ਕਰ ਰਹੀ ਹੈ । ਇਹ ਨੀਤੀ ਹਰ ਸੂਬੇ ਲਈ ਵੱਖਰੀ ਹੋ ਸਕਦੀ ਹੈ। ਰਣਨੀਤੀ ਸਪਾ ਸਮੇਤ ‘ਇੰਡੀਆ’ ਗੱਠਜੋੜ ਦੇ ਸਹਿਯੋਗੀਆਂ ਨੂੰ ਲੁਭਾਉਣ ਦੀ ਹੈ।

ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਕੇਂਦਰੀ ਏਜੰਸੀਆਂ ਨੇ ਜੇਲ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਜੇਲ ’ਚੋਂ ਰਿਹਾਅ ਹੋਏ ਕਿਸੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕੀਤੀ ਸੀ। ਇਹ ਵੀ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ ਕਿ ਸੀ. ਬੀ. ਆਈ. ਅਤੇ ਈ. ਡੀ. ਵਲੋਂ ਸੋਰੇਨ ਵਿਰੁੱਧ ਕੇਸਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਇਸ ਮੁਲਾਕਾਤ ਤੋਂ ਝਾਰਖੰਡ ਦੇ ਭਾਜਪਾ ਆਗੂ ਵੀ ਹੈਰਾਨ ਹਨ । ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਸ ’ਤੇ ਕੀ ਪ੍ਰਤੀਕਿਰਿਆ ਦਿੱਤੀ ਜਾਵੇ। ਇਸ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ਨੇ ਯੂ. ਪੀ. ’ਚ ਆਪਣੇ ਆਗੂਆਂ ਨੂੰ ਝਟਕਾ ਦਿੱਤਾ ਸੀ, ਜਿਸ ਕਾਰਨ ਲੋਕ ਸਭਾ ਚੋਣਾਂ ’ਚ ਇਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪਾਰਟੀ ਸਿਰਫ਼ 33 ਸੀਟਾਂ ਹੀ ਜਿੱਤ ਸਕੀ।

ਅਖਿਲੇਸ਼ ਯਾਦਵ ਦੀ ਅਗਵਾਈ ਹੇਠ ਸਪਾ ਨੇ 37 ਤੇ ਕਾਂਗਰਸ ਨੇ 6 ਸੀਟਾਂ ਜਿੱਤੀਆਂ ਹਨ। ਪਾਰਟੀ ਪ੍ਰਧਾਨ ਤੇ ਕੇਂਦਰੀ ਮੰਤਰੀ ਜੇ. ਪੀ. ਨੱਡਾ ਜੋ ਹਰ ਦੂਜੇ ਦਿਨ ਯੂ. ਪੀ. ’ਚ ਸਨ, ਨਿਰਾਸ਼ ਨਜ਼ਰ ਆਏ। ਨੱਡਾ ਨੂੰ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸੰਪਰਕ ਕਰਦੇ ਵੇਖਿਆ ਗਿਆ। ਕਾਂਗਰਸ ਨੂੰ ‘ਪਰਜੀਵੀ’ ਕਰਾਰ ਦੇਣ ਤੋਂ ਇਲਾਵਾ ਨੱਡਾ ਅਖਿਲੇਸ਼ ਯਾਦਵ ਦੇ ‘ਸ਼ੁਭਚਿੰਤਕ’ ਬਣ ਗਏ।

ਉਨ੍ਹਾਂ ਤੇ ਭਾਜਪਾ ਦੇ ਹੋਰ ਨੇਤਾਵਾਂ ਨੇ ਯਾਦਵ ਨੂੰ ਚੇਤਾਵਨੀ ਦਿੱਤੀ ਕਿ ਕਾਂਗਰਸ ਨਾਲ ਜੁੜਨਾ ਉਨ੍ਹਾਂ ਦੀ ਪਾਰਟੀ ਨੂੰ ‘ਨਸ਼ਟ’ ਕਰ ਸਕਦਾ ਹੈ। ਕਾਂਗਰਸ ਦੂਜੀਆਂ ਪਾਰਟੀਆਂ ਦੀ ਮਦਦ ਨਾਲ ਜਿੱਤਦੀ ਹੈ। ਇਸ ਦਾ ਮਤਲਬ ਹੈ ਕਿ ਇਹ ਇਕ ਪਰਜੀਵੀ ਪਾਰਟੀ ਹੈ, ਜੋ ਦੂਜਿਆਂ ’ਤੇ ਨਿਰਭਰ ਹੈ। ਕਾਂਗਰਸ ਉਸ ਪਾਰਟੀ ਨੂੰ ਤਬਾਹ ਕਰ ਦਿੰਦੀ ਹੈ ਜਿਸ ’ਤੇ ਇਹ ਨਿਰਭਰ ਕਰਦੀ ਹੈ।


author

Rakesh

Content Editor

Related News