ਦਲਾਈਲਾਮਾ ਨੂੰ ''ਭਾਰਤ ਰਤਨ'' ਦਿਵਾਉਣ ਸਬੰਧੀ ਪੂਰੇ ਦੇਸ਼ ’ਚ ਬਾਈਕ ਰੈਲੀ ਕਰਨਗੇ ਦੋ ਤਿੱਬਤੀ ਕਾਰਕੁਨ

Wednesday, Mar 24, 2021 - 04:59 PM (IST)

ਨੈਸ਼ਨਲ ਡੈਸਕ : ਤਿੱਬਤੀ ਅਧਿਆਤਮਿਕ ਨੇਤਾ 14ਵੇਂ ਦਲਾਈਲਾਮਾ ਨੂੰ 'ਭਾਰਤ ਰਤਨ' ਦਿਵਾਉਣ ਦੀ ਮੰਗ ਸਬੰਧੀ ਦੋ ਤਿੱਬਤੀ ਕਾਰਕੁਨ ਮੋਟਰਸਾਈਕਲ ਰੈਲੀ ਕਰਨਗੇ। ਦੇਹਰਾਦੂਨ ਦੇ ਸੇਰਿੰਗ ਯੇਸ਼ੀ ਅਤੇ ਸ਼ਿਮਲਾ ਦੇ ਚਿੰਮੀ ਤਾਮਦੇਨ ਨੇ ਦਲਾਈਲਾਮਾ ਲਈ ਭਾਰਤ ਰਤਨ ਦੀ ਮੰਗ ਵਾਲੀ ਇਕ ਪਟੀਸ਼ਨ 'ਤੇ ਸਮਰਥਨ ਅਤੇ ਦਸਤਖ਼ਤ ਪ੍ਰਾਪਤ ਕਰਨ ਲਈ ਮੰਗਲਵਾਰ ਨੂੰ ਮੈਕਲੋਡਗੰਜ ਤੋਂ ਇਕ ਬਾਈਕ ਰੈਲੀ ਸ਼ੁਰੂ ਕੀਤੀ ਹੈ।

ਸਾਰੇ ਭਾਰਤੀ ਸੂਬਿਆਂ ਦਾ ਕਰਨਗੇ ਦੌਰਾ
ਜਾਣਕਾਰੀ ਮੁਤਾਬਕ ਦੋਵੇਂ ਬਾਈਕਰਸ ਅਗਲੇ ਦੋ ਮਹੀਨਿਆਂ ਲਈ ਸਾਰੇ ਭਾਰਤੀ ਸੂਬਿਆਂ ਦਾ ਦੌਰਾ ਕਰਨਗੇ। ਉਹ 14ਵੇਂ ਦਲਾਈਲਾਮਾ ਨੂੰ ਵੱਕਾਰੀ ਭਾਰਤ ਰਤਨ ਪੁਰਸਕਾਰ ਦਾ ਸਨਮਾਨ ਦਿਵਾਉਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੇ ਨਾਲ ਇਕ ਪਟੀਸ਼ਨ ’ਤੇ ਦਸਤਖ਼ਤ ਪ੍ਰਾਪਤ ਕਰਨਾ ਚਾਹੁੰਦੇ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਦਲਾਈਲਾਮਾ ਨੂੰ ਭਾਰਤ ਰਤਨ ਦਿਵਾਉਣ ਲਈ ਪੂਰੇ ਦੇਸ਼ ਵਿਚ ਬਾਈਕ ਰੈਲੀ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਾਰੀਆਂ ਤਿੱਬਤੀ ਬਸਤੀਆਂ ਦਾ ਦੌਰਾ ਕਰਦੇ ਹੋਏ ਲੱਦਾਖ ਤੋਂ ਕੰਨਿਆਕੁਮਾਰੀ ਤਕ, ਅਰੁਣਾਚਲ ਤੋਂ ਗੁਜਰਾਤ ਤੱਕ ਜਾਣਗੇ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਤਿੱਬਤੀ ਕਾਰਕੁਨਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

ਦਲਾਈਲਾਮਾ ਨੂੰ ਭਾਰਤ ਰਤਨ ਦੇਣ ਲਈ ਭਾਜਪਾ ਨੇਤਾ ਨੇ ਮੋਦੀ ਨੂੰ ਲਿਖੀ ਸੀ ਚਿੱਠੀ
ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਸ਼ਾਂਤਾ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤਿੱਬਤੀ ਅਧਿਆਤਮਿਕ ਨੇਤਾ ਦਲਾਈਲਾਮਾ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦੀ ਬੇਨਤੀ ਕੀਤੀ ਸੀ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿਚ ਸੰਯੁਕਤ ਰਾਸ਼ਟਰ ਵਿਚ ਤਿੱਬਤ ਦਾ ਮੁੱਦਾ ਉਠਾਉਣ ਦੀ ਵਕਾਲਤ ਕੀਤੀ ਸੀ। ਕੁਮਾਰ ਨੇ ਕਿਹਾ ਸੀ ਕਿ ਦਲਾਈਲਾਮਾ ਨੂੰ ਸਰਵਉੱਚ ਨਾਗਰਿਕ ਸਨਮਾਨ ਦੇ ਕੇ ਭਾਰਤ ਖੁਦ ਨੂੰ ਸਨਮਾਨਿਤ ਕਰੇਗਾ।


Vandana

Content Editor

Related News