ਮੱਧ ਪ੍ਰਦੇਸ਼ : ਭਿਆਨਕ ਸੜਕ ਹਾਦਸੇ 'ਚ 2 ਲੋਕਾਂ ਦੀ ਦਰਦਨਾਕ ਮੌਤ, 3 ਜ਼ਖਮੀ
Friday, Oct 09, 2026 - 09:13 AM (IST)
ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ 'ਚ ਇਕ ਤੇਜ਼ ਰਫ਼ਤਾਰ ਕਾਰ ਦੇ ਕੰਟਰੋਲ ਗੁਆਉਣ ਅਤੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ, ਇਕ ਪੁਲਸ ਅਧਿਕਾਰੀ ਨੇ ਇਸ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਅਧਿਕਾਰੀ ਦੇ ਅਨੁਸਾਰ, ਇਹ ਹਾਦਸਾ ਵੀਰਵਾਰ ਸ਼ਾਮ ਨੂੰ ਸਾਗਰ-ਕਾਨਪੁਰ ਰਾਸ਼ਟਰੀ ਰਾਜਮਾਰਗ 'ਤੇ ਮਤਗੁਵਾਨ ਥਾਣਾ ਖੇਤਰ ਦੇ ਖੈਰੋਂ ਪਿੰਡ ਨੇੜੇ ਵਾਪਰਿਆ।
ਮਤਗੁਵਾਨ ਪੁਲਸ ਸਟੇਸ਼ਨ ਦੇ ਇੰਚਾਰਜ ਅੰਕੁਰ ਚੌਬੇ ਨੇ ਦੱਸਿਆ ਕਿ ਛੱਤਰਪੁਰ ਦੇ ਨਾਟ ਮੁਹੱਲਾ ਦੇ ਰਹਿਣ ਵਾਲੇ ਪੰਜ ਲੋਕ ਸੜਕ ਹਾਦਸੇ 'ਚ ਜ਼ਖਮੀ ਹੋਏ ਆਪਣੇ ਰਿਸ਼ਤੇਦਾਰਾਂ ਨੂੰ ਦੇਖਣ ਲਈ ਕਾਰ ਰਾਹੀਂ ਸ਼ਾਹਗੜ੍ਹ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਖੈਰੋਂ ਪਿੰਡ ਨੇੜੇ ਇਕ ਆ ਰਹੇ ਟਰੱਕ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ, ਕਾਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ।
ਸੂਚਨਾ ਮਿਲਣ 'ਤੇ ਮਤਗੁਵਾਨ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀ ਨੇ ਕਿਹਾ ਕਿ ਪਿਆਰੇ ਖਾਨ (65) ਅਤੇ ਸ਼ਰੀਫ ਖਾਨ (45) ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਤਿੰਨ ਹੋਰ ਗੰਭੀਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਚੌਬੇ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
