ਆਸਾਮ ''ਚ ਸੜਕ ਹਾਦਸੇ ''ਚ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ
Tuesday, Oct 06, 2026 - 05:08 PM (IST)
ਗੁਹਾਟੀ (ਏਜੰਸੀ)- ਆਸਾਮ ਦੇ ਕਾਮਰੂਪ ਮੈਟਰੋਪੋਲੀਟਨ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਰਾਸ਼ਟਰੀ ਰਾਜਮਾਰਗ 27 'ਤੇ ਇੱਕ ਤੇਜ਼ ਰਫ਼ਤਾਰ ਕਾਰ ਦੇ ਸੜਕ ਦੀ ਰੇਲਿੰਗ ਨਾਲ ਟਕਰਾ ਜਾਣ ਕਾਰਨ ਇੱਕ ਔਰਤ ਸਮੇਤ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਖੇਤੜੀ ਇਲਾਕੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਕਾਰ ਗੁਹਾਟੀ ਤੋਂ ਨਾਗਾਓਂ ਜਾ ਰਹੀ ਸੀ। 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਸੋਨਾਪੁਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਮੋਨੀਮਾ ਬੇਗਮ (40), ਰਿਬੁਲ ਅਲੀ (17) ਅਤੇ ਅਮੀਰੂਦੀਨ (40) ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜ਼ਖਮੀਆਂ ਦੀ ਪਛਾਣ ਪੁਤੁਮਾਈ ਬੇਗਮ (55), ਅਨੀਸੂਰ ਸੁਲਤਾਨ (10) ਅਤੇ ਰੁਸਤਮ ਅਲੀ (50) ਵਜੋਂ ਹੋਈ ਹੈ। 30 ਅਗਸਤ ਨੂੰ ਇਸੇ ਇਲਾਕੇ ਵਿੱਚ ਇੱਕ ਟਰੱਕ ਅਤੇ ਇੱਕ ਮਿੰਨੀ ਬੱਸ ਵਿਚਕਾਰ ਹੋਈ ਟੱਕਰ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ।
