ਮਹਾਰਾਸ਼ਟਰ: ਪਟਾਕਿਆਂ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ; ਧਮਾਕੇ ''ਚ 2 ਲੋਕਾਂ ਦੀ ਮੌਤ

Monday, Oct 05, 2026 - 10:23 PM (IST)

ਮਹਾਰਾਸ਼ਟਰ: ਪਟਾਕਿਆਂ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ; ਧਮਾਕੇ ''ਚ 2 ਲੋਕਾਂ ਦੀ ਮੌਤ

ਹਿੰਗੋਲੀ : ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਸ਼ਾਮ ਪਟਾਕਿਆਂ ਦੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਹੋਏ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਅਨੁਸਾਰ ਇਹ ਘਟਨਾ ਰਾਤ ਲਗਭਗ 8 ਵਜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਮਾਰਵਾੜੀ ਗਲੀ ਵਿੱਚ ਵਾਪਰੀ।

ਅਧਿਕਾਰੀ ਨੇ ਦੱਸਿਆ ਕਿ ਗੋਪਾਲ ਬਸਤਵਾਰ ਦੀ ਮਲਕੀਅਤ ਵਾਲੇ ਗੋਦਾਮ ਵਿੱਚ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਅੱਗ ਬੁਝਾਉਣ ਲਈ ਭੇਜੀ ਗਈ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਵੀ ਅੱਗ ਦੀ ਲਪੇਟ ਵਿੱਚ ਆ ਗਈ। ਪਟਾਕਿਆਂ ਵਿੱਚ ਧਮਾਕੇ ਹੋਣ ਕਾਰਨ ਰੁਕ-ਰੁਕ ਕੇ ਹੋ ਰਹੇ ਧਮਾਕਿਆਂ ਅਤੇ ਉੱਠਦੀਆਂ ਅੱਗ ਦੀਆਂ ਲਪਟਾਂ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਹਾਦਸੇ ਵਿੱਚ ਕੁਝ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਦੋਪਹੀਆ ਵਾਹਨ ਵੀ ਸੜ ਗਏ ਹਨ।

ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਪਰ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਫਿਲਹਾਲ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹਿੰਗੋਲੀ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਸਥਿਤ ਇਹ ਇਲਾਕਾ ਕਾਫ਼ੀ ਸੰਘਣੀ ਆਬਾਦੀ ਵਾਲਾ ਹੈ ਅਤੇ ਤੰਗ ਗਲੀਆਂ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੌਕੇ 'ਤੇ ਇਕੱਠੀ ਹੋਈ ਲੋਕਾਂ ਦੀ ਭੀੜ ਨੇ ਵੀ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਲਈ ਦਿੱਕਤਾਂ ਪੈਦਾ ਕੀਤੀਆਂ।

ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਅੱਗ 'ਤੇ ਕਾਬੂ ਪਾਉਣ ਲਈ ਅਭਿਆਨ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।


author

Inder Prajapati

Content Editor

Related News