ਰਾਸ਼ਟਰਪਤੀ ਨੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਕੀਤਾ 2 ਦਯਾ ਪਟੀਸ਼ਨਾਂ ਨੂੰ ਖਾਰਜ
Saturday, Jun 17, 2017 - 03:30 PM (IST)

ਨਵੀਂ ਦਿੱਲੀ— ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਜਾਵੇਗਾ ਅਤੇ ਰਾਸ਼ਟਰਪਤੀ ਚੋਣਾਂ 17 ਜੁਲਾਈ ਨੂੰ ਹਨ। ਮੁਖਰਜੀ 25 ਜੁਲਾਈ ਨੂੰ ਆਪਣਾ ਅਹੁਦਾ ਛੱਡਣਗੇ। ਦਫ਼ਤਰ ਛੱਡਣ ਦੇ ਇਕ ਮਹੀਨੇ ਪਹਿਲਾਂ ਰਾਸ਼ਟਰਪਤੀ ਨੇ 2 ਮਾਮਲਿਆਂ 'ਚ ਦਯਾ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਰਾਸ਼ਟਰਪਤੀ ਵੱਲੋਂ ਖਾਰਜ ਕੀਤੀਆਂ ਗਈਆਂ ਕੁੱਲ ਦਯਾ ਪਟੀਸ਼ਨਾਂ ਦੀ ਗਿਣਤੀ 30 ਹੋ ਗਈ। ਪਹਿਲਾ ਮਾਮਲਾ 2012 'ਚ ਇੰਦੌਰ 'ਚ ਇਕ 4 ਸਾਲਾ ਲੜਕੀ ਨਾਲ ਰੇਪ ਅਤੇ ਕਤਲ ਦਾ ਹੈ, ਜਿਸ 'ਚ ਤਿੰਨ ਅਪਰਾਧੀ ਹਨ ਅਤੇ ਦੂਜਾ ਮਾਮਲਾ ਇਕ ਕੈਬ ਚਾਲਕ ਅਤੇ ਉਸ ਦੇ ਸਹਿਯੋਗੀ ਵੱਲੋਂ ਪੁਣੇ 'ਚ ਇਕ ਆਈ.ਟੀ. ਪ੍ਰੋਫੈਸ਼ਨਲ ਦੇ ਗੈਂਗਰੇਪ ਅਤੇ ਕਤਲ ਦਾ ਹੈ। ਇਹ ਦੋਵੇਂ ਮਾਮਲੇ ਅਪ੍ਰੈਲ ਅਤੇ ਮਈ 'ਚ ਰਾਸ਼ਟਰਪਤੀ ਕੋਲ ਭੇਜੇ ਗਏ ਸਨ।
ਇੰਦੌਰ ਕੇਸ 'ਚ 3 ਦੋਸ਼ੀ ਬਾਬੂ ਉਰਫ ਕੇਤਨ ਜਿਤੇਂਦਰ ਉਰਫ ਜੀਤੂ ਅਤੇ ਦੇਵੇਂਦਰ ਉਰਫ ਸਨੀ ਨੂੰ 4 ਸਾਲ ਦੀ ਬੱਚੀ ਨੂੰ ਅਗਵਾ, ਬਲਾਤਕਾਰ ਅਤੇ ਕਤਲ ਮਾਮਲੇ 'ਚ ਦੋਸ਼ੀ ਪਾਇਆ ਗਿਆ। ਪੁਣੇ ਕੇਸ 'ਚ ਸਾਲ 2007 'ਚ 22 ਸਾਲਾ ਵਿਪਰੋ ਕਰਮਚਾਰੀ ਦੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਪੁਰਸ਼ੋਤਮ ਦਸ਼ਰਥ ਬੋਰਾਟੇ ਅਤੇ ਪ੍ਰਦੀਪ ਯਸ਼ਵੰਤ ਕੋਕਾਡੇ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਮੁਖਰਜੀ ਵੱਲੋਂ ਖਾਰਜ ਕੀਤੀਆਂ ਗਈਆਂ ਪਟੀਸ਼ਨਾਂ 'ਚ 26/11 ਮੁੰਬਈ ਦੇ ਦੋਸ਼ੀ ਅਜਮਲ ਕਸਾਬ, ਸਾਲ 2001 ਸੰਸਦ ਹਮਲੇ ਦਾ ਦੋਸ਼ੀ ਅਫਜ਼ਲ ਗੁਰੂ ਅਤੇ ਸਾਲ 1993 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਯਾਕੂਬ ਮੇਨਨ ਦੇ ਮਾਮਲੇ ਸ਼ਾਮਲ ਹਨ। ਦਯਾ ਪਟੀਸ਼ਨਾਂ 'ਤੇ ਫੈਸਲੇ ਲਈ ਰਾਸ਼ਟਰਪਤੀ ਲਈ ਕੋਈ ਤੈਅ ਸਮਾਂ ਨਹੀਂ ਹੁੰਦਾ ਹੈ। ਪ੍ਰਤਿਭਾ ਪਾਟਿਲ ਨੇ ਕਿਸੇ ਵੀ ਦਯਾ ਪਟੀਸ਼ਨ 'ਤੇ ਫੈਸਲੇ ਲਏ ਬਿਨਾਂ ਹੀ ਅਹੁਦਾ ਛੱਡ ਦਿੱਤਾ ਸੀ।