ਹਿਮਾਚਲ : ਕੁੱਲੂ ’ਚ ਰਾਫ਼ਟ ਪਲਟਣ ਨਾਲ 2 ਮਹਿਲਾ ਸੈਲਾਨੀਆਂ ਦੀ ਮੌਤ, 4 ਜ਼ਖਮੀ

Friday, Oct 29, 2021 - 04:59 PM (IST)

ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਵੱਡਾ ਹਾਦਸਾ ਵਾਪਰਿਆ। ਕੁੱਲੂ ਜ਼ਿਲ੍ਹਾ ਹੈੱਡ ਕੁਆਰਟਰ ਤੋਂ 6 ਕਿਲੋਮੀਟਰ ਦੂਰ ਬਾਸ਼ਿੰਗ ਕੋਲ ਬਿਆਸ ਨਦੀ ’ਚ ਇਕ ਰਾਫ਼ਟ ਪਲਟਣ ਨਾਲ 2 ਮਹਿਲਾ ਸੈਲਾਨੀਆਂ ਦੀ ਮੌਤ ਹੋ ਗਈ। ਰਾਫ਼ਟ ’ਚ ਸਵਾਰ ਚਾਰ ਹੋਰ ਸੈਲਾਨੀ ਬੀਬੀਆਂ ਜ਼ਖਮੀ ਹੋ ਗਈਆਂ ਹਨ। ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੁੱਲੂ-ਮਨਾਲੀ ਘੁੰਮਣ ਲਈ ਆਈਆਂ ਮੱਧ ਪ੍ਰਦੇਸ਼ ਅਤੇ ਮੁੰਬਈ ਦੀਆਂ ਮਹਿਲਾ ਸੈਲਾਨੀਆਂ ਬਬੇਲੀ ਸਥਿਤ ਰਾਫ਼ਟਿੰਗ ਸਾਈਟ ਤੋਂ ਇਕ ਰਾਫ਼ਟ ’ਚ ਸਵਾਰ ਹੋਈਆਂ। ਦੁਪਹਿਰ ਬਾਅਦ ਬਾਸ਼ਿੰਗ ਦੇ ਛੁਰਡੂ ਕੋਲ ਮਹਿਲਾ ਸੈਲਾਨੀਆਂ ਨਾਲ ਭਰੀ ਰਾਫ਼ਟ ਬੇਕਾਬੂ ਹੋ ਕੇ ਨਦੀ ’ਚ ਪਲਟ ਗਈ। ਇਸ ਦੌਰਾਨ ਜਨਾਨੀਆਂ ਬਿਆਸ ਨਦੀ ਦੇ ਵਹਾਅ ’ਚ ਵਹਿ ਗਈਆਂ। ਰਾਫ਼ਟ ਪਲਟਣ ਤੋਂ ਬਾਅਦ ਰੈਸਕਿਊ ਦਲ ਨੇ ਜਨਾਨੀਆਂ ਨੂੰ ਪਾਣੀ ’ਚੋਂ ਕੱਢਿਆ ਅਤੇ ਕੁੱਲੂ ਹਸਪਤਾਲ ਪਹੁੰਚਿਆ।

2 ਮਹਿਲਾ ਸੈਲਾਨੀਆਂ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲ ਕੁੱਲੂ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਜਨਾਨੀਆਂ ਦੀ ਪਛਾਣ ਰੂਕੀਆ ਦਾਹੋਦ ਵਾਲਾ (75) ਪਤਨੀ ਗੁਲਾਮ ਅੱਬਾਸ ਵਾਸੀ ਕਾਟਨ ਗ੍ਰੀਨ ਮੁੰਬਈ ਅਤੇ ਸਾਕੇਰਾ ਬਾਂਬੇ ਵਾਲਾ (53) ਪਤਨੀ ਸ਼ਰਬੀਰ ਹੁਸੈਨ ਬਾਂਬੇ ਵਾਲਾ ਵਾਸੀ 385 ਮੁਰਾਨੀ ਨਗਰ ਇੰਦੌਰ, ਮੱਧ ਪ੍ਰਦੇਸ਼ ਦੇ ਰੂਪ ’ਚ ਹੋਈ ਹੈ। ਜ਼ਖਮੀਆਂ ’ਚ ਮਰੀਅਮ ਪਤਨੀ ਜੈਨੁਦੀਨ ਇੰਦੌਰ, ਨਫੀਸਾ ਪਤਨੀ ਫਿਰੋਜ਼ ਇੰਦੌਰ, ਰਸੀਦਾ ਪਤਨੀ ਕੁਤੁਬਦੀਨ ਤੁਰਲਾ ਇੰਦੌਰ ਅਤੇ ਤਸਨੀਮ ਪਤਨੀ ਖੇਰੀਵਾਲਾ ਵਾਸੀ ਕੌਟਨ ਗਰੀਨ ਸ਼ਾਮਲ ਹਨ। ਜ਼ਖਮੀ ਜਨਾਨੀਆਂ ’ਚ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐੱਸ.ਪੀ. ਗੁਰਦੇਵ ਸ਼ਰਮਾ ਨੇ ਕਿਹਾ ਕਿ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


DIsha

Content Editor

Related News