ਟਵਿਟਰ ਨੇ ਕੋਰੋਨਾ ਨੂੰ ਲੈ ਕੇ ਭਾਰਤ ਦੀ ਨਿੰਦਾ ਕਰਨ ਵਾਲੇ 52 ਟਵੀਟ ਹਟਾਏ
Sunday, Apr 25, 2021 - 06:42 PM (IST)
ਗੈਜੇਟ ਡੈਸਕ– ਸੋਸ਼ਲ ਮੀਡੀਆ ਪੇਲਟਫਾਰਮ ਟਵਿਟਰ ਨੇ ਭਾਰਤ ’ਚ ਅਜਿਹੇ ਕਰੀਬ 52 ਟਵੀਟਸ ’ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ’ਚ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਸੰਭਾਲਣ ’ਚ ਭਾਰਤ ਸਰਕਾਰ ਦੇ ਤੌਰ-ਤਰੀਕਿਆਂ ਦੀ ਨਿੰਦਾ ਕੀਤੀ ਗਈ ਸੀ। ਲਿਊਮੇਨ ਡਾਟਾਬੇਸ ’ਤੇ ਉਪਲੱਬਧ ਡਾਟਾ ਤੋਂ ਪਤਾ ਲੱਗਾ ਹੈ ਕਿ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਨੇ ਅਜਿਹੇ 52 ਟਵੀਟਸ ਨੂੰ ਹਟਾ ਦਿੱਤਾ ਹੈ। ਲਿਊਮੇਨ ਡਾਟਾਬੇਸ ਮੁਤਾਬਕ, ਭਾਰਤ ਸਰਕਾਰ ਦੀ ਅਪੀਲ ’ਤੇ ਟਵਿਟਰ ਨੇ ਘੱਟੋ-ਘੱਟ 52 ਟਵੀਟ ਹਟਾਏ ਹਨ। ਇਨ੍ਹਾਂ ਟਵੀਟਸ ’ਚ ਸਾਂਸਦ, ਵਿਧਾਇਕ ਅਤੇ ਫਿਲਮ ਪ੍ਰੋਡਿਊਸਰ ਦੇ ਟਵੀਟ ਵੀ ਸ਼ਾਮਲ ਹਨ। ਹਟਾਏ ਗਏ ਟਵੀਟਸ ’ਚ ਤੇਲੰਗਾਨਾ ਦੇ ਸਾਂਸਦ ਰੇਵੰਤ ਰੇੱਡੀ, ਪੱਛਮੀ ਬੰਗਾਲ ਦੇ ਮੰਤਰੀ ਮੋਲਾਏ ਘਟਕ, ਦੋ ਫਿਲਮ ਪ੍ਰੋਡਿਊਸਰਾਂ ਦੇ ਟਵੀਟ ਵੀ ਸਾਮਲ ਹਨ।
ਸਭ ਤੋਂ ਪਹਿਲਾਂ ਮੀਡੀਆਨਾਮਾ ਦੁਆਰਾ ਇਸ ਦੀ ਰਿਪੋਰਟ ਕੀਤੀ ਗਈ ਕਿ ਸਰਕਾਰ ਨੇ ਇਨ੍ਹਾਂ ਟਵੀਟਸ ਨੂੰ ਹਟਾਉਣ ਲਈ ਟਵਿਟਰ ਨੂੰ ਇਕ ਐਮਰਜੈਂਸੀ ਆਦੇਸ਼ ਭੇਜਿਆ ਹੈ। ਟਵਿਟਰ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਜਦੋਂ ਇਕ ਉਚਿਤ ਕਾਨੂੰਨੀ ਅਪੀਲ ਮਿਲਦੀ ਹੈ ਤਾਂ ਸਾਡੀ ਟੀਮ ਸੰਬੰਧਿਤ ਪੋਸਟ ਦੀ ਟਵਿਟਰ ਨਿਯਮਾਂ ਅਤੇ ਸਥਾਨਕ ਕਾਨੂੰਨਾਂ, ਦੋਵਾਂ ਦੇ ਹਿਸਾਬ ਨਾਲ ਸਮੀਖਿਆ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਕੰਟੈਂਟ ਨਾਲ ਟਵਿਟਰ ਦੇ ਨਿਯਮਾਂ ਦਾ ਉਲੰਘਣ ਹੁੰਦਾ ਹੈ ਤਾਂ ਉਸ ਨੂੰ ਹਟਾ ਦਿੱਤਾ ਜਾਂਦਾ ਹੈ।
ਜੇਕਰ ਕੰਟੈਂਟ ਖਾਸ ਕਾਨੂੰਨ ਵਿਵਸਥਾ ਦੇ ਹਿਸਾਬ ਨਾਲ ਗੈਰ-ਕਾਨੂੰਨੀ ਹੁੰਦਾ ਹੈ ਪਰ ਟਵਿਟਰ ਦੇ ਨਿਯਮਾਂ ਖਿਲਾਫ ਨਹੀਂ ਹੁੰਦਾ ਤਾਂ ਅਸੀਂ ਉਸ ਕੰਟੈਂਟ ਨੂੰ ਸਿਰਫ ਭਾਰਤ ’ਚ ਵਿਖਾਈ ਦੇਣ ਤੋਂ ਰੋਕ ਦਿੰਦੇ ਹਾਂ। ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਪਣੇ ਸ਼ਿਖਰ ’ਤੇ ਹੈ। ਇਥੇ ਲਗਾਤਾਰ ਪੰਜਵੇਂ ਦਿਨ ਰੋਜ਼ਾਨਾ 2 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਭਾਰਤ ’ਚ ਪਿਛਲੇ 24 ਘੰਟਿਆਂ ’ਚ 3.49 ਲੱਖ ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ ਜਦਕਿ 2,760 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਨੇ ਇਸ ਦੇ ਨਿਯਮਾਂ ਦੇ ਉਲੰਘਣ ਲਈ ਟਵਿਟਰ ਨੂੰ ਕੁਝ ਪੋਸਟਾਂ ਹਟਾਉਣ ਦੇ ਹੁਕਮ ਦਿੱਤੇ ਸਨ। ਟਵਿਟਰ ਨੇ ਸ਼ੁਰੂਆਤ ’ਚ ਇਸ ’ਤੇ ਗੌਰ ਨਹੀਂ ਕੀਤਾ ਸੀ ਪਰ ਬਾਅਦ ’ਚ ਕੁਝ ਪੋਸਟਾਂ ’ਤੇ ਕਾਰਵਾਈ ਕੀਤੀ ਗਈ ਸੀ।