ਤ੍ਰਿਵੇਂਦਰ ਸਿੰਘ ਰਾਵਤ ਹੋਣਗੇ ਉੱਤਰਾਖੰਡ ਦੇ ਨਵੇਂ ਸੀ. ਐੱਮ., ਕੱਲ ਹੋਵੇਗੀ ਤਾਜਪੋਸ਼ੀ

03/18/2017 12:02:42 AM

ਦੇਹਰਾਦੂਨ— ਉੱਤਰਾਖੰਡ ''ਚ ਭਾਰੀ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਜਪਾ ਵਿਧਾਇਕ ਦਲ ਦੀ ਬੈਠਕ ''ਚ ਸੰਘ ਦੇ ਨੇੜਲੇ ਤ੍ਰਿਵੇਂਦਰ ਸਿੰਘ ਰਾਵਤ ਦੇ ਨਾਂ ''ਤੇ ਮੋਹਰ ਲੱਗ ਗਈ ਹੈ। ਵਿਧਾਇਕ ਦਲ ਦੀ ਸ਼ੁੱਕਰਵਾਰ ਹੋਈ ਬੈਠਕ ''ਚ ਤ੍ਰਿਵੇਂਦਰ ਸਿੰਘ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਹੁਣ ਉਹ ਸ਼ਨੀਵਾਰ 18 ਮਾਰਚ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਰੋਹ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਚੋਟੀ ਦੇ ਆਗੂ ਵੀ ਮੌਜੂਦ ਹੋਣਗੇ। 70 ਮੈਂਬਰੀ ਉੱਤਰਾਖੰਡ ਵਿਧਾਨ ਸਭਾ ''ਚ ਭਾਜਪਾ ਨੇ 57 ਸੀਟਾਂ ਜਿੱਤੀਆਂ ਹਨ।

ਤ੍ਰਿਵੇਂਦਰ ਸਿੰਘ ਰਾਵਤ ਉੱਤਰਾਖੰਡ ਦੇ 11ਵੇਂ ਮੁੱਖ ਮੰਤਰੀ ਹੋਣਗੇ। 20 ਦਸੰਬਰ 1960 ਨੂੰ ਪੌੜੀ ਦੇ ਖੈਰਾਸੈਂਣ ਵਿਖੇ ਪੈਦਾ ਹੋਣ ਵਾਲੇ ਤ੍ਰਿਵੇਂਦਰ ਸਿੰਘ ਰਾਵਤ ਨੇ ਪੋਸਟ ਗ੍ਰੈਜੂਏਸ਼ਨ ਦੇ ਨਾਲ ਪੱਤਰਕਾਰਤਾ ''ਚ ਵੀ ਡਿਪਲੋਮਾ ਕੀਤਾ ਹੋਇਆ ਹੈ। ਉਨ੍ਹਾਂ ਦੀ ਪਤਨੀ ਸੰਗੀਤਾ ਟੀਚਰ ਹੈ ਅਤੇ 2 ਬੇਟੀਆਂ ਹਨ।

ਇਨ੍ਹਾਂ ਕਾਰਨਾਂ ਕਰ ਕੇ ਹੋਈ ਰਾਵਤ ਦੀ ਚੋਣ

ਭਾਜਪਾ ਦੇ ਨੈਸ਼ਨਲ ਸੈਕਟਰੀ ਅਤੇ ਜਰਨਲਿਸਟ ਰਹਿ ਚੁੱਕੇ ਰਾਵਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਕਰੀਬੀ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਇਨ੍ਹਾਂ ਨੇ ਸ਼ਾਹ ਦੇ ਨਾਲ ਕਾਫੀ ਕੰਮ ਕੀਤਾ ਸੀ। ਸੰਘ ਦੀ ਸੂਬਾ ਇਕਾਈ ਨੇ ਰਾਵਤ ਦੇ ਨਾਂ ''ਤੇ ਮੋਹਰ ਲਗਾਈ ਸੀ। 2014 ਵਿਚ ਝਾਰਖੰਡ ਦਾ ਇੰਚਾਰਜ ਬਣਨ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਿਚ ਸੂਬੇ ਵਿਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੀ ਸੀ। ਰਾਵਤ ਨੂੰ ਫਿਰ ਨਮਾਮੀ ਗੰਗੇ ਸੰਮਤੀ ਦਾ ਨੈਸ਼ਨਲ ਕਨਵੀਨਰ ਬਣਾਇਆ ਗਿਆ। ਰਾਵਤ ਨੂੰ ਐਡਮਨਿਸਟ੍ਰੇਸ਼ਨ ਚਲਾਉਣ ਦਾ ਤਜਰਬਾ ਵੀ ਹੈ। ਉਹ ਖੰਡੂਰੀ ਅਤੇ ਰਮੇਸ਼ ਪੋਖਰਿਆਲ ਦੀ ਕੈਬਨਿਟ ਵਿਚ ਮੰਤਰੀ ਰਹੇ ਹਨ।


Related News