ਬਾਕੀ 5 ਪੜਾਵਾਂ ਲਈ ਸੀਲ ਹੋਣਗੇ ਈ. ਵੀ. ਐੱਮ. ਦੇ ਸਿੰਬਲ ਲੋਡਿੰਗ ਯੂਨਿਟ

05/02/2024 1:45:28 PM

ਨਵੀਂ ਦਿੱਲੀ- ਸੁਪਰੀਮ ਕੋਰਟ ਵੱਲੋਂ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਹੁਣ ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ ਮੁੱਖ ਚੋਣ ਅਧਿਕਾਰੀਆਂ ਨੂੰ ਲੋਕ ਸਭਾ ਚੋਣਾਂ ਦੇ ਬਾਕੀ ਪੰਜ ਪੜਾਵਾਂ ਲਈ ਸਿੰਬਲ ਲੋਡਿੰਗ ਯੂਨਿਟਾਂ (ਐੱਸ. ਐੱਲ. ਯੂ.) ਨੂੰ ਸੀਲ ਕਰਨ ਅਤੇ ਸਟੋਰ ਕਰਨ ਦੇ ਹੁਕਮ ਦਿੱਤੇ ਹਨ। ਐੱਸ. ਐੱਲ. ਯੂ. ਉਹ ਉਪਕਰਣ ਹਨ, ਜਿਨ੍ਹਾਂ ਦਾ ਉਪਯੋਗ ਈ. ਵੀ. ਐੱਮ. ਦੇ ਨਾਲ ਲੱਗੇ ਵੀ. ਵੀ. ਪੈਟ ’ਤੇ ਉਮੀਦਵਾਰਾਂ ਦੇ ਪਾਰਟੀ ਚਿੰਨ੍ਹਾਂ ਨੂੰ ਲੋਡ ਕਰਨ ਲਈ ਕੀਤਾ ਜਾਂਦਾ ਹੈ।

ਇਕ ਹੁਕਮ ’ਚ ਈ. ਸੀ. ਆਈ. ਨੇ ਕਿਹਾ ਕਿ ਨਵੇਂ ਪ੍ਰੋਟੋਕੋਲ 1 ਮਈ ਨੂੰ ਜਾਂ ਉਸ ਤੋਂ ਬਾਅਦ ਕੀਤੇ ਗਏ ਵੀ. ਵੀ. ਪੈਟ ’ਚ ਸਿੰਬਲ ਲੋਡਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਸਾਰੇ ਮਾਮਲਿਆਂ ਵਿਚ ਲਾਗੂ ਹੋਣਗੇ। ਸੀਲਿੰਗ ਅਤੇ ਸੁਰੱਖਿਅਤ ਕਰਨ ਦੇ ਆਖਰੀ ਦੋ ਪੜਾਵਾਂ ਲਈ 3,000 ਐੱਸ. ਐੱਲ. ਯੂ. ਤੱਕ ਦੀ ਕਮੀ ਦੇਖੀ ਜਾ ਸਕਦੀ ਹੈ ਕਿਉਂਕਿ ਪੜਾਅ 3 ਤੋਂ ਪੜਾਅ 5 ਤੱਕ ਵਰਤੀਆਂ ਜਾਣ ਵਾਲੀਆਂ ਸਿੰਬਲ ਲੋਡਿੰਗ ਮਸ਼ੀਨਾਂ ਮੁੜ ਵਰਤੋਂ ਲਈ ਉਪਲੱਬਧ ਨਹੀਂ ਹੋਣਗੀਆਂ। ਦੱਸਿਆ ਜਾ ਰਿਹਾ ਹੈ ਕਿ ਕਮੀ ਤੋਂ ਬਚਣ ਲਈ ਈ. ਸੀ. ਆਈ. ਭਾਰਤ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ਼ ਇੰਡੀਆ ਨੇ ਬਾਕੀ ਪੜਾਵਾਂ ਅਤੇ ਕੁਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਸਹਾਇਕ ਉਪਕਰਣਾਂ ਸਮੇਤ ਲੋੜੀਂਦੀ ਗਿਣਤੀ ’ਚ ਐੱਸ. ਐੱਲ. ਯੂ. ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਹਨ।

ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਈ. ਸੀ. ਆਈ. ਨੂੰ ਨਤੀਜਿਆਂ ਦੇ ਐਲਾਨ ਤੋਂ ਬਾਅਦ 45 ਦਿਨਾਂ ਲਈ ਐੱਸ. ਐੱਲ. ਯੂ. ਨੂੰ ਸੀਲ ਕਰਨ ਅਤੇ ਸੁਰੱਖਿਅਤ ਕਰਨ ਦਾ ਨਿਰਦੇਸ਼ ਦਿੱਤਾ ਸੀ। ਹੁਣ ਤੱਕ ਸਿਰਫ ਈ. ਵੀ. ਐੱਮ. ਅਤੇ ਵੀ. ਵੀ. ਪੈਟ ਨੂੰ ਹੀ ਸੀਲ ਕੀਤਾ ਜਾਂਦਾ ਸੀ ਅਤੇ 45 ਦਿਨਾਂ ਲਈ ਸਟੋਰ ਕੀਤਾ ਜਾਂਦਾ ਸੀ ਤਾਂ ਜੋ ਉਮੀਦਵਾਰਾਂ ਵੱਲੋਂ ਚੋਣ ਪਟੀਸ਼ਨਾਂ ਦੇ ਮਾਮਲੇ ’ਚ ਮਸ਼ੀਨਾਂ ਦੀ ਜਾਂਚ ਕੀਤੀ ਜਾ ਸਕੇ। ਨਵਾਂ ਪ੍ਰੋਟੋਕੋਲ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਧਿਆਨ ’ਚ ਰੱਖਦਿਆਂ ਪਹਿਲੀ ਵਾਰ ਚੋਣ ਪਟੀਸ਼ਨ ਹੋਣ ’ਤੇ ਐੱਸ. ਐੱਲ. ਯੂ. ਦੀ ਜਾਂਚ ਕਰਨ ਦੀ ਇਜਾਜ਼ਤ ਦੇਵੇਗਾ।


Rakesh

Content Editor

Related News