ਦੁਬਈ ਬੈਠੇ ਪਤੀ ਨੇ ਪਤਨੀ ਨੂੰ ਵਟਸਐਪ ''ਤੇ ਕਿਹਾ- ''ਤਲਾਕ-ਤਲਾਕ-ਤਲਾਕ''

09/19/2019 5:51:25 PM

ਬੈਂਗਲੁਰੂ (ਭਾਸ਼ਾ)— ਮੋਦੀ ਸਰਕਾਰ ਵਲੋਂ ਤਿੰਨ ਤਲਾਕ ਬਿੱਲ ਪਾਸ ਕਰਨ ਦੇ ਬਾਵਜੂਦ ਤਲਾਕ ਦੇ ਮਾਮਲੇ ਰੁੱਕਣ ਦੀ ਬਜਾਏ ਵਧ ਰਹੇ ਹਨ। ਤਾਜ਼ਾ ਮਾਮਲਾ ਕਰਨਾਟਕ ਦੇ ਸ਼ਿਵਮੋਗਾ ਦਾ ਹੈ, ਜਿੱਥੇ ਮੁਸਲਿਮ ਔਰਤ ਨੂੰ ਉਸ ਦੇ ਪਤੀ ਨੇ ਦੁਬਈ ਤੋਂ ਵਟਸਐਪ ਸੰਦੇਸ਼ (ਮੈਸੇਜ) ਜ਼ਰੀਏ 'ਤਿੰਨ ਤਲਾਕ' ਦੇ ਦਿੱਤਾ। ਔਰਤ ਨੇ ਇਸ ਦੀ ਸ਼ਿਕਾਇਤ ਪੁਲਸ ਵਿਚ ਕੀਤੀ ਹੈ। ਪੁਲਸ ਨੇ ਔਰਤ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜੋੜੇ ਦਾ ਵਿਆਹ 20 ਸਾਲ ਪਹਿਲਾਂ ਹੋਇਆ ਸੀ ਅਤੇ ਔਰਤ ਦਾ ਪਤੀ ਦੁਬਈ ਗਿਆ ਹੋਇਆ ਹੈ ਅਤੇ ਵਾਪਸ ਨਹੀਂ ਆਇਆ। ਕੁਝ ਗੱਲਾਂ ਨੂੰ ਲੈ ਕੇ ਔਰਤ ਦਾ ਪਤੀ ਹਮੇਸ਼ਾ ਉਸ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਉਸ ਨੇ ਇਹ ਕਹਿੰਦੇ ਹੋਏ ਤਲਾਕ ਦੇ ਦਿੱਤਾ ਕਿ ਉਹ ਹੁਣ ਉਸ ਨੂੰ ਪਸੰਦ ਨਹੀਂ ਹੈ। 
ਪੁਲਸ ਨੇ ਦੱਸਿਆ ਕਿ ਪਹਿਲਾਂ ਔਰਤ ਦੇ ਪਤੀ ਨੇ ਉਸ ਨੂੰ ਵਟਸਐਪ 'ਤੇ ਤਿੰਨ ਤਲਾਕ ਦਾ ਸੰਦੇਸ਼ ਭੇਜਿਆ ਅਤੇ ਉਸ ਤੋਂ ਬਾਅਦ ਫੋਨ ਕਰ ਕੇ ਇਹ ਗੱਲ ਆਖੀ। ਜੋੜੇ ਦੀ ਆਪਣੀ ਕੋਈ ਔਲਾਦ ਨਹੀਂ ਅਤੇ ਦੋਵੇਂ 40 ਸਾਲ ਦੇ ਹਨ। ਦੋਹਾਂ ਨੇ ਇਕ ਲੜਕੀ ਨੂੰ ਵੀ ਗੋਦ ਲਿਆ ਹੋਇਆ ਹੈ। ਔਰਤ ਨੇ ਤਲਾਕ ਮਨਜ਼ੂਰ ਨਹੀਂ ਕੀਤਾ ਹੈ ਅਤੇ ਸ਼ਿਕਾਇਤ ਦਰਜ ਕਰਵਾ ਕੇ ਨਿਆਂ ਦੀ ਮੰਗ ਕੀਤੀ ਹੈ। ਇਸ ਸੰਬੰਧ ਵਿਚ ਮੁਸਲਿਮ ਮਹਿਲਾ (ਵਿਆਹ ਸੁਰੱਖਿਆ) ਐਕਟ, 2019 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 
ਇੱਥੇ ਦੱਸ ਦੇਈਏ ਕਿ ਤਿੰਨ ਤਲਾਕ ਬਿੱਲ ਮੁਸਲਿਮ ਔਰਤਾਂ ਨੂੰ ਨਿਆਂ ਦਿਵਾਉਣ ਦੇ ਮਕਸਦ ਨਾਲ ਲਿਆਂਦਾ ਗਿਆ ਹੈ। ਇਸ ਬਿੱਲ ਨੂੰ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਸਦਨਾਂ ਵਿਚ ਪਾਸ ਕੀਤਾ ਜਾ ਚੁੱਕਾ ਹੈ। ਤਿੰਨ ਤਲਾਕ ਬਿੱਲ 'ਚ ਇਹ ਨੇ ਵਿਵਸਥਾਵਾਂ—
— ਤਿੰਨ ਤਲਾਕ ਬਿੱਲ ਯਾਨੀ ਕਿ ਤਲਾਕ-ਏ-ਬਿੱਦਤ ਨੂੰ ਰੱਦ ਅਤੇ ਗੈਰ-ਕਾਨੂੰਨੀ ਬਣਾਉਣਾ।
— ਤਿੰਨ ਸਾਲ ਤਕ ਦੀ ਸਜ਼ਾ ਦੀ ਵਿਵਸਥਾ ਹੈ।
— ਤਿੰਨ ਤਲਾਕ ਨੂੰ ਗੰਭੀਰ ਅਪਰਾਧ ਮੰਨਣ ਦੀ ਵਿਵਸਥਾ ਹੈ, ਯਾਨੀ ਕਿ ਪੁਲਸ ਬਿਨਾਂ ਵਾਰੰਟ ਗ੍ਰਿਫਤਾਰ ਕਰ ਸਕਦੀ ਹੈ।
— ਇਹ ਗੰਭੀਰ ਤਾਂ ਹੀ ਹੋਵੇਗਾ ਜਦੋਂ ਜਾਂ ਤਾਂ ਖੁਦ ਔਰਤ ਸ਼ਿਕਾਇਤ ਕਰੇ ਜਾਂ ਫਿਰ ਉਸ ਦਾ ਕੋਈ ਰਿਸ਼ਤੇਦਾਰ।
— ਮੈਜਿਸਟ੍ਰੇਟ ਦੋਸ਼ੀ ਨੂੰ ਜ਼ਮਾਨਤ ਦੇ ਸਕਦਾ ਹੈ। ਜ਼ਮਾਨਤ ਉਦੋਂ ਹੀ ਦਿੱਤੀ ਜਾਵੇਗੀ, ਜਦੋਂ ਪੀੜਤ ਔਰਤ ਦਾ ਪੱਖ ਸੁਣਿਆ ਜਾਵੇਗਾ।
— ਪੀੜਤ ਔਰਤ ਪਤੀ ਤੋਂ ਗੁਜ਼ਾਰਾ ਭੱਤੇ ਦਾ ਦਾਅਵਾ ਕਰ ਸਕਦੀ ਹੈ। ਇਸ ਦੀ ਰਕਮ ਮੈਜਿਸਟ੍ਰੇਟ ਤੈਅ ਕਰੇਗਾ। 
— ਪੀੜਤ ਔਰਤ ਨਾਬਾਲਗ ਬੱਚਿਆਂ ਨੂੰ ਆਪਣੇ ਕੋਲ ਰੱਖ ਸਕਦੀ ਹੈ। ਇਸ ਬਾਰੇ ਮੈਜਿਸਟ੍ਰੇਟ ਤੈਅ ਕਰੇਗਾ।


Tanu

Content Editor

Related News