ਸਿੱਖ ਕਤਲੇਆਮ ’ਚ ਸੱਜਣ ਕੁਮਾਰ ਦੋਸ਼ੀ ਕਰਾਰ, ਹੋਈ ਉਮਰ ਕੈਦ (ਵੀਡੀਓ)

Monday, Dec 17, 2018 - 12:16 PM (IST)

ਨਵੀਂ ਦਿੱਲੀ— 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦੰਗਾ ਭੜਕਾਉਣ ਅਤੇ ਸਾਜਿਸ਼ ਰਚਣ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ। ਉੱਥੇ ਹੀ ਕੋਰਟ ਨੇ ਸੱਜਣ ਕੁਮਾਰ ਨੂੰ 31 ਦਸੰਬਰ 2018 ਨੂੰ ਆਤਮਸਮਰਪਣ ਕਰਨ ਲਈ ਕਿਹਾ ਹੈ। ਹਾਲਾਂਕਿ ਕੋਰਟ ਨੇ ਕਤਲ ਦੇ ਮਾਮਲੇ 'ਚ ਉਸ ਨੂੰ ਬਰੀ ਕਰ ਦਿੱਤਾ। ਕੋਰਟ ਨੇ ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸ ਕੌਂਸਲਰ ਬਲਵਾਨ ਖੋਕਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਹੀ 2 ਹੋਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਕਾਂਗਰਸ ਪਾਰਟੀ ਤਿੰਨ ਰਾਜਾਂ 'ਚ ਸਰਕਾਰ ਬਣਾਉਣ ਜਾ ਰਹੀ ਹੈ। ਅਜਿਹੇ 'ਚ ਉਸ ਨੂੰ ਸਿਆਸੀ ਹਮਲੇ ਵੀ ਝੱਲਣੇ ਪੈ ਸਕਦੇ ਹਨ। 

ਦਿੱਲੀ ਹਾਈ ਕੋਰਟ ਨੇ ਫੈਸਲਾ ਪੜ੍ਹਦੇ ਹੋਏ ਕਿਹਾ,''1947 ਦੀਆਂ ਗਰਮੀਆਂ 'ਚ ਵੰਡ ਦੇ ਸਮੇਂ ਕਈ ਲੋਕਾਂ ਦਾ ਕਤਲ ਕੀਤਾ ਗਿਆ ਸੀ। 37 ਸਾਲ ਬਾਅਦ ਦਿੱਲੀ 'ਚ ਅਜਿਹੀ ਹੀ ਘਟਨਾ ਵਾਪਰੀ। ਦੋਸ਼ੀ ਸਿਆਸੀ ਸੁਰੱਖਿਆ ਦਾ ਫਾਇਦਾ ਚੁੱਕ ਕੇ ਸੁਣਵਾਈ ਤੋਂ ਬਚ ਨਿਕਲਿਆ।'' ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ।

ਜ਼ਿਕਰਯੋਗ ਹੈ ਕਿ ਪੂਰੇ 34 ਸਾਲ ਬਾਅਦ ਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ, ਜਦੋਂ ਕਿ ਇਸ ਤੋਂ ਪਹਿਲਾਂ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਇਕ ਨਵੰਬਰ 1984 ਨੂੰ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ 'ਚ 5 ਸਿੱਖਾਂ ਦੇ ਕਤਲ ਦੇ ਮਾਮਲੇ 'ਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਬਾਅਦ 'ਚ ਕੋਰਟ ਨੇ ਪੁੱਛਿਆ ਸੀ ਕਿ ਸਟੇਟ ਮਸ਼ੀਨਰੀ ਕੀ ਕਰ ਰਹੀ ਸੀ? ਘਟਨਾ ਦਿੱਲੀ ਕੈਂਟੋਨਮੈਂਟ ਦੇ ਠੀਕ ਸਾਹਮਣੇ ਹੋਈ ਸੀ। ਮਈ 2013 'ਚ ਸੀ.ਬੀ.ਆਈ. ਅਤੇ ਪੀੜਤ ਪਰਿਵਾਰ ਦੇ ਲੋਕਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ. ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਲੜਾਈ ਜਾਰੀ ਰਹੇਗੀ, ਜਦੋਂ ਤੱਕ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਮੌਤ ਦੀ ਸਜ਼ਾ ਨਹੀਂ ਮਿਲ ਜਾਂਦੀ। ਉਨ੍ਹਾਂ ਨੇ ਗਾਂਧੀ ਪਰਿਵਾਰ ਨੂੰ ਵੀ ਕੋਰਟ 'ਚ ਖਿੱਚਣ ਅਤੇ ਜੇਲ ਪਹੁੰਚਾਉਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਮਈ 2013 'ਚ ਸੀ.ਬੀ.ਆਈ. ਅਤੇ ਪੀੜਤ ਪਰਿਵਾਰ ਦੇ ਲੋਕਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।


Related News