ਸੋਮਵਾਰ ਨੂੰ ਹੋਵੇਗੀ ਦਿੱਲੀ ਮੈਟਰੋ ਦੀ ਸ਼ੁਰੂਆਤ, ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼

9/5/2020 11:47:50 AM

ਨਵੀਂ ਦਿੱਲੀ- ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਦਿੱਲੀ 'ਚ ਮੈਟਰੋ ਸੇਵਾਵਾਂ ਨੂੰ ਮੁੜ ਤੋਂ ਖੋਲ੍ਹਣ ਲਈ ਮਾਨਕ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਦੀ ਸਮੀਖਿਆ ਕਰਨ ਲਈ ਸ਼ੁੱਕਰਵਾਰ ਨੂੰ ਦਿੱਲੀ ਸਕੱਤਰੇਤ 'ਚ ਬੈਠਕ ਕੀਤੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਤੇ ਆਵਾਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਬੈਠਕ 'ਚ ਤੈਅ ਹੋਇਆ ਕਿ ਭੀੜ ਵਾਲੇ ਮੈਟਰੋ ਸਟੇਸ਼ਨਾਂ 'ਤੇ ਆਵਾਜਾਈ ਵਿਭਾਗ ਆਪਣੀ ਇਨਫੋਰਸਮੈਂਟ ਟੀਮਾਂ (ਪਰਿਵਰਤਨ ਵਿੰਗ) ਤਾਇਨਾਤ ਕਰੇਗਾ। ਇਸ ਤੋਂ ਇਲਾਵਾ ਸਿਵਲ ਡਿਫੈਂਸ ਵਲੰਟੀਅਰ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਕੈਲਾਸ਼ ਗਹਿਲੋਤ ਨੇ ਕਿਹਾ ਕਿ ਦਿੱਲੀ ਮੈਟਰੋ ਦੀਆਂ ਵੱਖ-ਵੱਖ ਲਾਈਨਾਂ 7 ਸਤੰਬਰ ਤੋਂ ਕਾਰਜਸ਼ੀਲ ਹੋਣ ਲੱਗਣਗੀਆਂ ਅਤੇ 12 ਸਤੰਬਰ ਤੱਕ ਸਾਰੀਆਂ ਲਾਈਨਾਂ ਪੂਰੀ ਤਰ੍ਹਾਂ ਖੁੱਲ੍ਹ ਜਾਣਗੀਆਂ। ਕੁੱਲ ਤਿੰਨ ਪੜਾਵਾਂ 'ਚ ਮੈਟਰੋ ਦਾ ਸੰਚਾਲਨਪੂਰੀ ਤਰ੍ਹਾਂ ਨਾਲ ਸਹੀ ਹੋ ਸਕੇਗਾ।

ਪੜਾਅ-1
ਕੈਲਾਸ਼ ਗਹਿਲੋਤ ਨੇ ਕਿਹਾ ਕਿ ਪੜਾਅ-1 'ਚ ਮੈਟਰੋ ਸਟੇਸ਼ਨਾਂ ਦਾ ਸੰਚਾਲਨ ਸਵੇਰੇ 7 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ ਨੂੰ 4 ਵਜੇ ਤੋਂ ਸ਼ਾਮ 8 ਵਜੇ ਤੱਕ ਕੀਤਾ ਜਾਵੇਗਾ। ਇਸ ਪੜਾਅ 'ਚ ਤਿੰਨ ਫੇਜ ਹੋਣਗੇ। ਯਾਨੀ ਫੇਜ-1, ਫੇਜ-2 ਅਤੇ ਫੇਜ ਤਿੰਨ। ਫੇਜ-1 'ਚ ਮੈਟਰੋ ਓਪਰੇਟਿੰਗ 7 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਰੈਪਿਡ ਮੈਟਰੋ ਗੁੜਗਾਂਵ ਸਮੇਤ ਲਾਈਨ 2 ਨੂੰ ਇਸ ਪੜਾਅ 'ਚ ਚਾਲੂ ਕੀਤਾ ਜਾਵੇਗਾ। ਫੇਜ-2 'ਚ 9 ਸਤੰਬਰ ਤੋਂ ਲਾਈਨ 3,4 ਅਤੇ 7 ਨੂੰ ਵੀ ਚਾਲੂ ਕੀਤਾ ਜਾਵੇਗਾ। ਫੇਜ-3 'ਚ ਜੋ 10 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਲਾਈਨ 1,5 ਅਤੇ 6 ਨੂੰ ਚਾਲੂ ਕੀਤਾ ਜਾਵੇਗਾ।

ਦੂਜਾ ਪੜਾਅ
11 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੜਾਅ-2 'ਚ ਮੈਟਰੋ ਸੇਵਾਵਾਂ ਸਵੇਰੇ 7 ਵਜੇ ਤੋਂ ਦੁਪਹਿਰ ਇਕ ਵਜੇ ਅਤੇ ਸ਼ਾਮ 4 ਵਜੇ ਤੋਂ ਸ਼ਾਮ 10 ਵਜੇ ਤੱਕ ਹੋਣਗੀਆਂ। ਇਸ ਤੋਂ ਇਲਾਵਾ ਲਾਈਨ 8 ਅਤੇ 9 ਨੂੰ ਵੀ ਇਸੇ ਪੜਾਅ 'ਚ ਚਾਲੂ ਕੀਤਾ ਜਾਵੇਗਾ।

ਤੀਜਾ ਪੜਾਅ
12 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੜਾਅ- 3 'ਚ ਮੈਟਰੋ ਸੇਵਾਵਾਂ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਪਹਿਲੇ ਵਾਂਗ ਨਿਯਮਿਤ ਹੋ ਜਾਣਗੀਆਂ।

ਮਾਸਕ ਪਹਿਨਣਾ ਹੋਵੇਗਾ ਜ਼ਰੂਰੀ
ਆਵਾਜਾਈ ਮੰਤਰੀ ਨੇ ਕਿਹਾ ਕਿ ਸਰੀਰਕ ਦੂਰੀ ਦਾ ਪਾਲਣ ਯਕੀਨੀ ਕਰਨ ਲਈ ਸਟੇਸ਼ਨਾਂ ਅਤੇ ਟਰੇਨਾਂ ਅੰਦਰ ਮਾਰਕਿੰਗ ਵੀ ਕੀਤੀ ਜਾਵੇਗੀ। ਕੰਟੇਨਮੈਂਟ ਜ਼ੋਨ (ਸੀਲ) 'ਚ ਸਥਿਤ ਸਾਰੇ ਸਟੇਸ਼ਨ ਬੰਦ ਰਹਿਣਗੇ। ਥਰਮਲ ਸਕ੍ਰੀਨਿੰਗ ਤੋਂ ਬਾਅਦ ਸਿਰਫ਼ ਸਿਹਤਯਾਬ ਵਿਅਕਤੀਆਂ ਨੂੰ ਹੀ ਯਾਤਰਾ ਕਰਨ ਦੀ ਮਨਜ਼ੂਰੀ ਹੋਵੇਗੀ। ਯਾਤਰੀਆਂ ਦੀ ਵਰਤੋਂ ਲਈ ਹਰ ਪ੍ਰਵੇਸ਼ ਦੁਆਰ 'ਤੇ ਸੈਨੀਟਾਈਜ਼ਰ ਉਪਲੱਬਧ ਹੋਵੇਗਾ, ਇਸ ਦੇ ਨਾਲ ਹੀ ਮਾਸਕ ਪਹਿਨਣ ਹਰ ਕਿਸੇ ਲਈ ਜ਼ਰੂਰੀ ਹੋਵੇਗਾ। ਮੈਟਰੋ ਯਾਤਰਾ ਲਈ ਫਿਲਹਾਲ ਟੋਕਨ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ, ਕਿਉਂਕਿ ਉਸ ਨਾਲ ਵਾਇਰਸ ਫੈਲਣ ਦਾ ਖਤਰਾ ਵੱਧ ਹੈ। ਸਮਾਰਟ ਕਾਰਡ, ਕੈਸ਼ਲੈੱਸ ਰਿਚਾਰਜ ਅਤੇ ਅਰੋਗਿਆ ਸੇਤੂ ਐਪ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਵੇਗਾ। ਦਿੱਲੀ ਸਰਕਾਰ ਪੁਲਸ ਅਤੇ ਦਿੱਲੀ ਮੈਟਰੋ ਦੇ ਕਰਮੀਆਂ ਨਾਲ ਸਟੇਸ਼ਨਾਂ 'ਤੇ ਸਰੀਰ ਦੂਰੀ ਦੇ ਮਾਪਦੰਡਾਂ ਅਤੇ ਭੀੜ ਪ੍ਰਬੰਧਨ ਦਾ ਸਖਤੀ ਨਾਲ ਪਾਲਣ ਯਕੀਨੀ ਕਰਨ ਲਈ ਸਿਵਲ ਡਿਫੈਂਸ ਵਲੰਟੀਅਰ ਅਤੇ ਪਰਿਵਰਤਨ ਵਿੰਗ ਦੀ ਤਾਇਨਾਤੀ ਕਰੇਗੀ। 

ਸਟੇਸ਼ਨਾਂ 'ਤੇ ਜ਼ਿਆਦਾ ਦੇਰ ਤੱਕ ਰੁਕੇਗੀ ਟਰੇਨ
ਇਹ ਵੀ ਕਿਹਾ ਗਿਆ ਹੈ ਕਿ ਸਟੇਸ਼ਨਾਂ 'ਤੇ ਟਰੇਨ ਜ਼ਿਆਦਾ ਦੇਰ ਤੱਕ ਰੁਕੇਗੀ। ਆਵਾਜਾਈ ਮੰਤਰੀ ਨੇ ਕਿਹਾ ਕਿ ਸਟੇਸ਼ਨਾਂ 'ਤੇ ਪ੍ਰਵੇਸ਼ ਦੁਆਰਾਂ ਦੀ ਗਿਣਤੀ ਘਟਾ ਕੇ ਇਕ ਜਾਂ 2 ਕਰ ਦਿੱਤੀ ਜਾਵੇਗੀ। ਕਿਓਸਕ, ਏ.ਟੀ.ਐੱਮ. ਅਤੇ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਸਖਤ ਨਿਯਮਾਂ ਦੇ ਪਾਲਣ ਨਾਲ ਕੀਤੀ ਜਾਵੇਗੀ। ਮੈਟਰੋ ਸਟੇਸ਼ਨਾਂ 'ਤੇ ਪਾਰਕਿੰਗ ਦੀ ਸਹੂਲਤ ਚਾਲੂ ਰਹੇਗੀ ਪਰ ਫੀਡਰ ਬੱਸਾਂ ਦਾ ਸੰਚਾਲਨ ਫਿਲਹਾਲ ਬੰਦ ਰਹੇਗਾ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਤੇ ਆਵਾਜਾਈ ਵਿਭਾਗ ਸੁਰੱਖਿਆ ਪ੍ਰੋਟੋਕਾਲ ਬਾਰੇ ਵੱਖ-ਵੱਖ ਮਾਧਿਅਮਾਂ ਵਲੋਂ ਯਾਤਰੀਆਂ ਨੂੰ ਸੂਚਿਤ ਅਤੇ ਸਿੱਖਿਅਤ ਕਰਨ ਦੀ ਮੁਹਿੰਮ ਚੱਲਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਾਂਗੇ ਕਿ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ।


DIsha

Content Editor DIsha