3 ਸਾਲ ਦੀ ਬੱਚੀ ਨੂੰ ਅਗਵਾ ਹੋਣ ਤੋਂ ਬਚਾਉਣ ਲਈ ਲਲਿਤਪੁਰ ਤੋਂ ਭੋਪਾਲ ਤੱਕ ਬਿਨਾਂ ਰੁਕੇ ਚੱਲੀ ਰੇਲ

10/29/2020 2:04:36 PM

ਮੁੰਬਈ (ਬਿਊਰੋ) - ਭਾਰਤੀ ਰੇਲਵੇ ਇਤਿਹਾਸ 'ਚ ਸ਼ਾਇਦ ਪਹਿਲਾ ਮੌਕਾ ਹੈ, ਜਦੋਂ ਅਗਵਾ ਕਰਨ ਵਾਲੇ ਨੂੰ ਫੜ੍ਹਨ ਤੇ ਅਗਵਾ ਕੀਤੀ ਲੜਕੀ ਨੂੰ ਬਚਾਉਣ ਲਈ ਰੇਲ ਗੱਡੀ ਨਾਨ ਸਟਾਪ ਚਲਾਈ ਗਈ। ਇਸ ਦੌਰਾਨ ਟਰੇਨ ਨੂੰ ਕਿਤੇ ਵੀ ਨਹੀਂ ਰੋਕਿਆ ਗਿਆ। ਟਰੇਨ ਲਲਿਤਪੁਰ ਤੋਂ ਚਲੀ ਅਤੇ ਸਿੱਧੀ ਭੋਪਾਲ ਸਟੇਸ਼ਨ ਜਾ ਕੇ ਰੁਕੀ। ਇਸ ਤੋਂ ਬਾਅਦ ਅਗਵਾ ਕਰਨ ਵਾਲੇ ਨੂੰ ਦਬੋਚਿਆ ਗਿਆ ਅਤੇ ਬੱਚੀ ਨੂੰ ਉਸ ਦੇ ਚੰਗੁਲ ਤੋਂ ਮੁਕਤ ਕਰਵਾਇਆ ਗਿਆ। ਦਰਅਸਲ, ਮਾਮਲਾ ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਦਾ ਹੈ, ਜਿਥੇ ਰੇਲਵੇ ਸਟੇਸ਼ਨ ਤੋਂ ਇਕ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕੀਤਾ ਗਿਆ। ਅਗਵਾ ਕਰਨ ਵਾਲਾ ਲੜਕੀ ਨੂੰ ਲੈ ਕੇ ਭੋਪਾਲ ਜਾ ਰਹੀ ਰਾਪਤੀਸਾਗਰ ਐਕਸਪ੍ਰੈਸ 'ਚ ਸਵਾਰ ਹੋਇਆ ਸੀ। ਪਰਿਵਾਰ ਲੜਕੀ ਦੀ ਭਾਲ 'ਚ ਰੇਲਵੇ ਸਟੇਸ਼ਨ ਪਹੁੰਚਿਆ, ਤਾਂ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ।

ਸਟੇਸ਼ਨ 'ਤੇ ਮੌਜ਼ੂਦ ਆਰ. ਪੀ. ਐੱਫ. ਦੇ ਜਵਾਨਾਂ ਨੇ ਸੀ. ਸੀ. ਟੀ. ਵੀ. ਕੈਮਰੇ ਦੇਖਣੇ ਸ਼ੁਰੂ ਕਰ ਦਿੱਤੇ। ਫ਼ਿਰ ਉਨ੍ਹਾਂ ਨੇ ਅਗਵਾ ਕਰਨ ਵਾਲੇ ਨੂੰ ਦੇਖਿਆ, ਜੋ ਬੱਚੀ ਨੂੰ ਚੁੱਕ ਕੇ ਟਰੇਨ 'ਚ ਸਵਾਰ ਹੋ ਰਿਹਾ ਸੀ। ਜਦੋਂ ਤੱਕ ਆਰ. ਪੀ. ਐੱਫ. ਦੇ ਜਵਾਨ ਕੁਝ ਕਰ ਸਕਦੇ, ਉਦੋ ਤੱਕ ਉਹ ਵਿਅਕਤੀ ਬੱਚੀ ਨੂੰ ਲੈ ਕੇ ਨਿਕਲ ਚੁੱਕਾ ਸੀ। ਮਾਮਲੇ ਦੀ ਜਾਣਕਾਰੀ ਝਾਂਸੀ 'ਚ ਆਰ. ਪੀ. ਐੱਫ. ਦੇ ਇੰਸਪੈਕਟਰ ਨੂੰ ਦਿੱਤੀ ਗਈ। ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਭੋਪਾਲ ਦੇ ਓਪਰੇਟਿੰਗ ਕੰਟਰੋਲ ਨੂੰ ਦਿੱਤੀ। ਇੰਸਪੈਕਟਰ ਵਲੋਂ ਅਪੀਲ ਕੀਤੀ ਗਈ ਕਿ ਲਲਿਤਪੁਰ ਤੋਂ ਭੋਪਾਲ ਵਿਚਕਾਰ ਕਿਸੇ ਵੀ ਸਟੇਸ਼ਨ 'ਤੇ ਟਰੇਨ ਨਾ ਰੋਕੀ ਜਾਵੇ। ਇਸ ਤੋਂ ਬਾਅਦ ਓਪਰੇਟਿੰਗ ਕੰਟਰੋਲ ਨੇ ਟਰੇਨ ਨੂੰ ਲਲਿਤਪੁਰ ਤੋਂ ਭੋਪਾਲ ਤੱਕ ਬਿਨਾ ਰੋਕੇ ਨਾਨ ਸਟਾਪ ਦੌੜਾਇਆ। ਇਸ ਤਰ੍ਹਾਂ ਅਗਵਾ ਕਰਨ ਵਾਲੇ ਨੂੰ ਕਿਸੇ ਸਟੇਸ਼ਨ 'ਤੇ ਉਤਰਨ ਦਾ ਮੌਕਾ ਨਹੀਂ ਮਿਲਿਆ। ਉਥੇ ਹੀ ਭੋਪਾਲ ਰੇਵਲੇ ਸਟੇਸ਼ਨ 'ਤੇ ਅਗਵਾ ਕਰਨ ਵਾਲੇ ਨੂੰ ਫੜ੍ਹਨ ਲਈ ਟਰੇਨ ਦਾ ਇੰਤਜ਼ਾਰ ਹੋ ਰਿਹਾ ਸੀ।

ਜਿਵੇਂ ਹੀ ਟਰੇਨ ਭੋਪਾਲ ਸਟੇਸ਼ਨ 'ਤੇ ਰੁਕੀ, ਪੁਲਸ ਦੀ ਟੀਮ ਨੇ ਅਗਵਾ ਕਰਨ ਵਾਲੇ ਨੂੰ ਇਕ ਬੋਗੀ ਤੋਂ ਫੜ੍ਹ ਲਿਆ। ਉਸ ਕੋਲੋਂ ਬੱਚੀ ਨੂੰ ਬਰਾਮਦ ਕਰ ਲਿਆ ਹੈ। ਫ਼ਿਲਹਾਲ ਬੱਚੀ ਸੁਰੱਖਿਅਤ ਹੈ ਤੇ ਉਸ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ।
 


sunita

Content Editor

Related News