ਸੈਲਫ਼ੀ ਦੇ ਚੱਕਰ ''ਚ 4 ਦੋਸਤਾਂ ਨੇ ਗੁਆਈ ਜਾਨ ! ਪ੍ਰਯਾਗਰਾਜ-ਵਾਰਾਣਸੀ ਹਾਈਵੇ ''ਤੇ ਵਾਪਰਿਆ ਭਿਆਨਕ ਹਾਦਸਾ

Tuesday, Oct 20, 2026 - 01:22 PM (IST)

ਸੈਲਫ਼ੀ ਦੇ ਚੱਕਰ ''ਚ 4 ਦੋਸਤਾਂ ਨੇ ਗੁਆਈ ਜਾਨ ! ਪ੍ਰਯਾਗਰਾਜ-ਵਾਰਾਣਸੀ ਹਾਈਵੇ ''ਤੇ ਵਾਪਰਿਆ ਭਿਆਨਕ ਹਾਦਸਾ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਵਾਰਾਣਸੀ ਜ਼ਿਲੇ ਵਿਚ ਸੋਮਵਾਰ ਸਵੇਰੇ ਵਿੰਧਿਆਚਲ ਧਾਮ ਤੋਂ ਦਰਸ਼ਨ ਕਰ ਕੇ ਵਾਪਸ ਵਾਰਾਣਸੀ ਪਰਤਦੇ ਸਮੇਂ ਪ੍ਰਯਾਗਰਾਜ-ਵਾਰਾਣਸੀ ਰਾਜਮਾਰਗ ਦੇ ਓਵਰਬ੍ਰਿਜ ’ਤੇ ਖੜ੍ਹੇ ਹੋ ਕੇ ਸੈਲਫ਼ੀ ਲੈਂਦੇ ਸਮੇਂ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਵੱਜਣ ਨਾਲ 4 ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 3 ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲਸ ਅਨੁਸਾਰ ਵਾਰਾਣਸੀ ਦੇ ਸ਼ਿਵਪੁਰੀ ਤੋਂ 8 ਨੌਜਵਾਨ ਵਿੰਧਿਆਚਲ ਦਰਸ਼ਨਾਂ ਲਈ ਮਿਰਜ਼ਾਪੁਰ ਗਏ ਸਨ। ਉਹ ਦਰਸ਼ਨ ਕਰ ਕੇ ਪਰਤਦੇ ਸਮੇਂ ਸੋਮਵਾਰ ਸਵੇਰੇ ਰੂਪਾਪੁਰ ਸਥਿਤ ਓਵਰਬ੍ਰਿਜ ’ਤੇ ਆਪਣੀ ਸਕਾਰਪੀਓ ਗੱਡੀ ਖੜ੍ਹੀ ਕਰ ਕੇ ਸੈਲਫ਼ੀ ਲੈਣ ਲੱਗੇ। ਇਸੇ ਦੌਰਾਨ ਪ੍ਰਯਾਗਰਾਜ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਸਕਾਰਪੀਓ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਕੋਲ ਹੀ ਸੈਲਫ਼ੀ ਲੈ ਰਹੇ ਨੌਜਵਾਨਾਂ ਨੂੰ ਦਰੜ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ।

ਗੱਡੀ ਵਿਚ ਫਸੇ ਲੋਕਾਂ ਨੂੰ ਗੈਸ ਕੱਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਮਨ ਯਾਦਵ, ਗੋਲੂ ਯਾਦਵ ਅਤੇ ਆਲੋਕ ਮਿਸ਼ਰਾ ਵਜੋਂ ਹੋਈ ਹੈ, ਜਦਕਿ ਚੌਥੇ ਮ੍ਰਿਤਕ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਵਿਚੋਂ ਕਨ੍ਹਈਆ ਯਾਦਵ ਅਤੇ ਨਿਖਿਲ ਕੁਮਾਰ ਦੀ ਹਾਲਤ ਗੰਭੀਰ ਹੈ। ਤੀਜੇ ਜ਼ਖ਼ਮੀ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Harpreet SIngh

Content Editor

Related News