ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ ! ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 3 ਹੋਰ ਜ਼ਖ਼ਮੀ
Wednesday, Oct 21, 2026 - 12:17 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੈਰਿਟ ਨੇੜੇ ਹਾਈਵੇਅ 5 'ਤੇ ਸ਼ਨੀਵਾਰ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਹਰਿਆਣਾ ਦੇ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਪੰਜਾਬੀ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਮੁੱਢਲੀ ਜਾਣਕਾਰੀ ਅਨੁਸਾਰ 22 ਸਾਲਾ ਡਰਾਈਵਰ, ਜੋ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਸੀ, ਹਾਈਵੇਅ 'ਤੇ ਗਲਤ ਪਾਸੇ ਤੋਂ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸਦੀ ਗੱਡੀ ਸਾਹਮਣੇ ਤੋਂ ਆ ਰਹੀ ਉਸ ਕਾਰ ਨਾਲ ਟਕਰਾ ਗਈ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਸਵਾਰ ਸਨ।
ਮ੍ਰਿਤਕ ਦੀ ਪਛਾਣ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਰੱਟਕ ਦੇ ਰਹਿਣ ਵਾਲੇ ਜਸਕੀਰਤ ਸਿੰਘ ਵਜੋਂ ਹੋਈ ਹੈ। ਉਸਦੇ ਮਾਤਾ-ਪਿਤਾ ਨੇ ਲਾਸ਼ ਦੀ ਪਛਾਣ ਕੀਤੀ ਹੈ। ਜ਼ਖ਼ਮੀ ਹੋਏ ਤਿੰਨਾਂ ਨੌਜਵਾਨਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ। ਮੁੱਢਲੀ ਰਿਪੋਰਟਾਂ ਮੁਤਾਬਕ, ਜਸਕੀਰਤ ਅਤੇ ਉਸਦੇ ਤਿੰਨ ਦੋਸਤ ਸਵੇਰੇ ਕਰੀਬ 5 ਵਜੇ ਇੱਕ ਚਿੱਟੇ ਰੰਗ ਦੀ ਟੋਇਟਾ ਕਾਰ ਵਿੱਚ ਸਰੀ ਤੋਂ ਐਡਮੰਟਨ ਲਈ ਰਵਾਨਾ ਹੋਏ ਸਨ। ਜਦੋਂ ਉਹ ਹਾਈਵੇਅ 5 'ਤੇ ਮੈਰਿਟ ਨੇੜੇ ਪਹੁੰਚੇ, ਤਾਂ ਕਾਲੇ ਰੰਗ ਦੀ ਟੋਇਟਾ ਟਾਕੋਮਾ ਗੱਡੀ ਚਲਾ ਰਿਹਾ 22 ਸਾਲਾ ਇੱਕ ਗੋਰਾ ਵਿਅਕਤੀ ਕਥਿਤ ਤੌਰ 'ਤੇ ਗਲਤ ਦਿਸ਼ਾ ਤੋਂ ਆਇਆ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਵਿੱਚ ਜਸਕੀਰਤ ਦੀ ਮੌਤ ਹੋ ਗਈ, ਜਦਕਿ ਉਸਦੇ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ- ਧੋਖਾਧੜੀ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲਣਗੇ 30,000 ਡਾਲਰ ! ਟਰੰਪ ਪ੍ਰਸ਼ਾਸਨ ਨੇ ਕਰ'ਤਾ ਐਲਾਨ
ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਕੈਲੋਨਾ ਅਤੇ ਕੈਮਲੂਪਸ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸੱਟਾਂ ਕਾਰਨ ਉਨ੍ਹਾਂ ਵਿੱਚੋਂ ਇੱਕ ਨੂੰ 'ਆਰਟੀਫੀਸ਼ੀਅਲ ਓਸਟੋਮੀ ਬੈਗ' ਲਗਾਉਣ ਦੀ ਲੋੜ ਪਈ ਹੈ। ਤੀਜੇ ਜ਼ਖ਼ਮੀ ਨੌਜਵਾਨ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ 22 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਸ਼ੱਕ ਹੈ। ਜਾਂਚ ਬਾਰੇ ਹੋਰ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ।
ਦੂਜੇ ਪਾਸੇ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਜਸਕੀਰਤ ਆਪਣੇ ਕਿਸਾਨ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸਦੇ ਪਰਿਵਾਰ ਵਿੱਚ ਮਾਤਾ, ਪਿਤਾ ਅਤੇ ਭੈਣ ਹਨ। ਉਸਦੀ ਅਚਾਨਕ ਮੌਤ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਦੋਸਤਾਂ ਅਤੇ ਰਿਸ਼ਤੇਦਾਰਾਂ ਨੇ 'ਗੋ-ਫੰਡ-ਮੀ' 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਤਾਂ ਜੋ ਜਸਕੀਰਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਵਿਚ ਉਸ ਦੇ ਮਾਪਿਆਂ ਦੀ ਮਦਦ ਕੀਤੀ ਜਾ ਸਕੇ ਅਤੇ ਜ਼ਖ਼ਮੀ ਨੌਜਵਾਨਾਂ ਦੇ ਇਲਾਜ ਦੇ ਖਰਚਿਆਂ ਵਿਚ ਵੀ ਸਹਾਇਤਾ ਮਿਲੇ। ਪਰਿਵਾਰ ਅਨੁਸਾਰ ਜਸਕੀਰਤ ਕੈਨੇਡਾ ਵਿੱਚ ਸ਼ਰਨਾਰਥੀ ਵਜੋਂ ਰਹਿ ਰਿਹਾ ਸੀ ਅਤੇ ਪਿਛਲੇ ਹਫ਼ਤੇ 'ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ' ਨੇ ਉਸਦੇ ਕੇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਘਟਨਾਕ੍ਰਮ ਨਾਲ ਇਹ ਉਮੀਦਾਂ ਜਾਗ ਪਈਆਂ ਸਨ ਕਿ ਉਸਨੂੰ ਜਲਦੀ ਹੀ ਕੈਨੇਡਾ ਵਿੱਚ ਸਥਾਈ ਨਿਵਾਸ ਮਿਲ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
