ਟਰੈਕਟਰ ਨੇ ''ਕਾਲ਼'' ਬਣ ਦਰੜ''ਤਾ ਸੁੱਤਾ ਪਿਆ ਪਰਿਵਾਰ ! ਪਤੀ-ਪਤਨੀ ਦੀ ਮੌਤ, ਪੋਤੀ ਜ਼ਖ਼ਮੀ
Thursday, Nov 06, 2025 - 05:39 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਪੁਵਾਈਆਂ ਥਾਣਾ ਖੇਤਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਪਣੇ ਘਰ ਦੇ ਬਾਹਰ ਸੁੱਤੇ ਪਏ ਇੱਕ ਜੋੜੇ ਨੂੰ ਇੱਕ ਟਰੈਕਟਰ-ਟਰਾਲੀ ਨੇ ਕੁਚਲ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ 10 ਸਾਲਾ ਪੋਤੀ ਗੰਭੀਰ ਜ਼ਖਮੀ ਹੋ ਗਈ।
ਹਾਦਸੇ ਮਗਰੋਂ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਸੁਪਰਡੈਂਟ (ਐੱਸ.ਪੀ.) ਰਾਜੇਸ਼ ਦਿਵੇਦੀ ਨੇ ਵੀਰਵਾਰ ਨੂੰ ਦੱਸਿਆ ਕਿ ਬੀਤੀ ਦੇਰ ਰਾਤ ਪੁਵਾਈਆਂ ਖੇਤਰ ਦੇ ਸੁਨਾਰਾ ਬੁਜ਼ੁਰਗ ਪਿੰਡ ਵਿੱਚ, ਇੱਕ ਬੇਕਾਬੂ ਟਰੈਕਟਰ-ਟਰਾਲੀ ਨੇ ਆਪਣੇ ਘਰ ਦੇ ਬਾਹਰ ਸੁੱਤੇ ਪਤੀ, ਪਤਨੀ ਅਤੇ ਉਨ੍ਹਾਂ ਦੀ ਪੋਤੀ ਨੂੰ ਕੁਚਲ ਦਿੱਤਾ।
ਇਸ ਹਾਦਸੇ ਦੌਰਾਨ ਰਾਮਸ਼ੰਕਰ (48) ਅਤੇ ਉਸ ਦੀ ਪਤਨੀ ਤਾਰਾਵਤੀ (45) ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੋਤੀ ਵੰਦਨਾ (10), ਜੋ ਹਾਦਸੇ ਸਮੇਂ ਆਪਣੀ ਦਾਦੀ ਦੇ ਕੋਲ ਸੌਂ ਰਹੀ ਸੀ, ਗੰਭੀਰ ਜ਼ਖਮੀ ਹੋ ਗਈ।
ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਾਸ਼ਾਂ ਨੂੰ ਸੜਕ 'ਤੇ ਰੱਖ ਕੇ ਸੜਕ ਜਾਮ ਕਰ ਦਿੱਤੀ ਅਤੇ ਦੋਸ਼ੀ ਡਰਾਈਵਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪੁਲਸ ਨੇ ਪਿੰਡ ਵਾਸੀਆਂ ਨੂੰ ਨਾਕਾਬੰਦੀ ਹਟਾਉਣ ਲਈ ਮਨਾਇਆ। ਪੁਲਸ ਨੇ ਟਰੈਕਟਰ-ਟਰਾਲੀ ਨੂੰ ਜ਼ਬਤ ਕਰ ਲਿਆ ਹੈ ਅਤੇ ਡਰਾਈਵਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
