ਸੋਸ਼ਲ ਮੀਡੀਆ ''ਤੇ ਪਤਨੀ ਨੂੰ ਦਿੱਤਾ ‘ਤਿੰਨ ਤਲਾਕ’, ਦੋਸ਼ੀ ਗ੍ਰਿਫਤਾਰ
Monday, Aug 10, 2020 - 11:16 PM (IST)

ਮੰਗਲੁਰੂ : ਉਡੂਪੀ ਜ਼ਿਲ੍ਹਾ ਪੁਲਸ ਨੇ ਸੋਸ਼ਲ ਮੀਡੀਆ 'ਤੇ ਪਤਨੀ ਨੂੰ ‘ਤਿੰਨ ਤਲਾਕ’ ਦੇਣ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਸ਼ੇਖ ਮੁਹੰਮਦ ਸਲੀਮ ਦੇ ਰੂਪ 'ਚ ਹੋਈ ਹੈ ਜੋ ਜ਼ਿਲ੍ਹੇ ਦੇ ਸ਼ਿਰਵਾ ਖੇਤਰ ਦਾ ਨਿਵਾਸੀ ਹੈ। ਸਲੀਮ ਅਤੇ ਸ਼ਿਰਵਾ ਨਿਵਾਸੀ ਸਵਪਨਾਜ ਦਾ ਸਤੰਬਰ 2010 'ਚ ਵਿਆਹ ਹੋਇਆ ਸੀ ਅਤੇ ਉਹ ਸਾਊਦੀ ਅਰਬ ਦੇ ਦੰਮਾਮ 'ਚ ਰਹਿ ਰਹੇ ਸਨ। ਦੋਵੇਂ ਇੱਕ ਧੀ ਦੇ ਮਾਤਾ-ਪਿਤਾ ਹਨ। ਦਰਜ ਮਾਮਲੇ ਦੇ ਅਨੁਸਾਰ ਸਲੀਮ ਦਾ ਇੱਕ ਹੋਰ ਔਰਤ ਨਾਲ ਕਥਿਤ ਤੌਰ 'ਤੇ ਸੰਬੰਧ ਹੈ। ਉਹ ਜੁਲਾਈ 'ਚ ਭਾਰਤ ਪਰਤ ਆਇਆ ਅਤੇ ਆਪਣੀ ਪਤਨੀ ਨੂੰ ਸਾਊਦੀ ਅਰਬ 'ਚ ਹੀ ਛੱਡ ਆਇਆ। ਬਾਅਦ 'ਚ ਉਸ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਆਪਣੀ ਪਤਨੀ ਨੂੰ ਇੱਕ ਆਡੀਓ ਕਲਿੱਪ ਭੇਜ ਕੇ ਉਸ ਨੂੰ ‘ਤਿੰਨ ਤਲਾਕ’ ਦੇ ਦਿੱਤਾ। ਇਸ ਮਾਮਲੇ 'ਚ ਸਵਪਨਾਜ ਨੇ ਸ਼ਿਰਵਾ ਥਾਣੇ 'ਚ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ।