‘ਵਿਸ਼ੇਸ਼ ਸ਼ਕਤੀਆਂ’ ਨਾਲ ਇਲਾਜ ਦਾ ਝਾਂਸਾ, 3.10 ਕਰੋੜ ਰੁਪਏ ਠੱਗੇ
Friday, Sep 26, 2025 - 10:06 PM (IST)

ਠਾਣੇ (ਮਹਾਰਾਸ਼ਟਰ), (ਭਾਸ਼ਾ)- ਨਵੀ ਮੁੰਬਈ ਇਲਾਕੇ ਵਿਚ 6 ਲੋਕਾਂ ਨੇ ‘ਵਿਸ਼ੇਸ਼ ਸ਼ਕਤੀਆਂ’ ਨਾਲ ਇਕ ਔਰਤ ਦੀ ਬਿਮਾਰੀ ਦੂਰ ਕਰਨ ਦਾ ਝਾਂਸਾ ਦੇ ਕੇ ਉਸਦੇ 22 ਸਾਲਾ ਬੇਟੇ ਤੋਂ 3.10 ਕਰੋੜ ਰੁਪਏ ਠੱਗ ਲਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨੇਰੂਲ ਦੀ ਰਹਿਣ ਵਾਲੀ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਹ ਅਪਰਾਧ 2019 ਤੋਂ ਫਰਵਰੀ 2025 ਦੇ ਵਿਚਕਾਰ ਹੋਇਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੁਸਤਫਾ ਸ਼ੇਖ ਉਰਫ਼ ਕਾਂਬਲੇ, ਆਹਤ ਸ਼ੇਖ, ਸਫੀਨਾ ਨਾਨੂ ਸ਼ੇਖ, ਨਾਨੂ ਸ਼ੇਖ, ਵਸੀਮ ਸ਼ੇਖ ਅਤੇ ਰਫੀਕ ਸ਼ੇਖ ਵਜੋਂ ਹੋਈ ਹੈ।
ਮੁਲਜ਼ਮਾਂ ਨੇ ਕਥਿਤ ਤੌਰ ’ਤੇ ਤੇਜਸ ਘੋਡੇਕਰ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਕੋਲ ‘ਵਿਸ਼ੇਸ਼ ਸ਼ਕਤੀਆਂ’ ਹਨ ਅਤੇ ਉਹ ਉਸਦੀ ਬਿਮਾਰ ਮਾਂ ਦਾ ਇਲਾਜ ਕਰ ਸਕਦੇ ਹਨ। ਮੁਲਜ਼ਮਾਂ ਦੇ ਦਾਅਵਿਆਂ ’ਤੇ ਵਿਸ਼ਵਾਸ ਕਰਦੇ ਹੋਏ, ਸ਼ਿਕਾਇਤਕਰਤਾ ਨੇ ਇਸ ਦੌਰਾਨ ਕਿਸ਼ਤਾਂ ਵਿਚ ਉਨ੍ਹਾਂ ਨੂੰ ਕੁੱਲ 3.10 ਕਰੋੜ ਰੁਪਏ ਦੇ ਦਿੱਤੇ। ਪੁਲਸ ਨੇ ਦੱਸਿਆ ਕਿ ਜਦੋਂ ਤੇਜਸ ਨੇ ਪੈਸੇ ਵਾਪਸ ਕਰਨ ’ਤੇ ਜ਼ੋਰ ਪਾਇਆ ਤਾਂ ਮੁਲਜ਼ਮਾਂ ਨੇ ਉਸ ਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।