ਕਾਰਪੋਰੇਟ ਟ੍ਰੈਵਲ ਨੂੰ ਮਿਲੀ ਨਵੀਂ ਰਫਤਾਰ, 2025 ’ਚ ਕਾਰੋਬਾਰ ਦਾ ਅੰਕੜਾ 8300 ਕਰੋੜ ਰੁਪਏ ਤੋਂ ਪਾਰ

Wednesday, Feb 25, 2026 - 04:26 AM (IST)

ਕਾਰਪੋਰੇਟ ਟ੍ਰੈਵਲ ਨੂੰ ਮਿਲੀ ਨਵੀਂ ਰਫਤਾਰ, 2025 ’ਚ ਕਾਰੋਬਾਰ ਦਾ ਅੰਕੜਾ 8300 ਕਰੋੜ ਰੁਪਏ ਤੋਂ ਪਾਰ

ਨਵੀਂ ਦਿੱਲੀ - ਭਾਰਤ ਦੀ ਤੇਜ਼ ਆਰਥਿਕ ਪ੍ਰਗਤੀ ਦਾ ਅਸਰ ਹੁਣ ਸਾਫ ਤੌਰ ’ਤੇ ਕਾਰਪੋਰੇਟ ਟ੍ਰੈਵਲ ਸੈਕਟਰ ’ਚ ਦਿਖਾਈ ਦੇਣ ਲੱਗਾ ਹੈ। ਕਾਰੋਬਾਰੀ ਯਾਤਰਾਵਾਂ ਦੀ ਮੰਗ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਖੇਤਰ ਮਜ਼ਬੂਤੀ ਨਾਲ ਉੱਭਰ ਰਿਹਾ ਹੈ।

ਟ੍ਰੈਵਲ ਇੰਡਸਟਰੀ ਨਾਲ ਜੁੜੇ ਅੰਕੜੇ ਦੱਸਦੇ ਹਨ ਕਿ ਕਾਰਪੋਰੇਟ ਟ੍ਰੈਵਲ ਹੁਣ ਦੇਸ਼ ਦੇ ਕੁੱਲ ਯਾਤਰਾ ਬਾਜ਼ਾਰ ਦਾ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ। ਆਨਲਾਈਨ ਟ੍ਰੈਵਲ ਪਲੇਟਫਾਰਮ ‘ਮੇਕ ਮਾਈ ਟ੍ਰਿਪ’ ਮੁਤਾਬਕ ਸਾਲ 2025 ’ਚ ਕੰਪਨੀ ਦੀ ਕਾਰਪੋਰੇਟ ਸੈਗਮੈਂਟ ਤੋਂ ਕੁੱਲ ਬੁਕਿੰਗਜ਼ ਪਹਿਲੀ ਵਾਰ 1 ਅਰਬ ਡਾਲਰ ਭਾਵ ਕਰੀਬ 8300 ਕਰੋੜ ਰੁਪਏ ਦੇ ਪਾਰ ਪਹੁੰਚ ਗਈਆਂ ਹਨ। ਇਹ ਉਪਲੱਬਧੀ ਦੇਸ਼ ’ਚ ਵਧ ਰਹੀਆਂ ਕਾਰੋਬਾਰੀ ਗਤੀਵਿਧੀਆਂ ਅਤੇ ਯਾਤਰਾ ਦੀ ਵਧਦੀ ਜ਼ਰੂਰਤ ਨੂੰ ਦਰਸਾਉਂਦੀ ਹੈ।

10 ਫੀਸਦੀ ਤੋਂ ਵੱਧ ਦਾ ਯੋਗਦਾਨ
‘ਮੇਕ ਮਾਈ ਟ੍ਰਿਪ’ ਦੇ ਕੋ-ਫਾਊਂਡਰ ਅਤੇ ਗਰੁੱਪ ਸੀ. ਈ. ਓ. ਰਾਜੇਸ਼ ਮਾਗੋ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੰਪਨੀ ਦੀ ਕੁੱਲ ਗ੍ਰਾਸ ਬੁਕਿੰਗਜ਼ ’ਚ ਕਾਰਪੋਰੇਟ ਟ੍ਰੈਵਲ ਦਾ ਯੋਗਦਾਨ ਹੁਣ 10 ਫੀਸਦੀ ਤੋਂ ਵੱਧ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵੱਡੇ ਉਦਯੋਗਾਂ ਦੇ ਨਾਲ-ਨਾਲ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਸ. ਐੱਮ. ਈ.) ਸੈਕਟਰ ਤੋਂ ਵੀ ਕਾਰੋਬਾਰੀ ਯਾਤਰਾਵਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।

ਬੈਂਕਿੰਗ ਤੋਂ ਆਈ. ਟੀ. ਤੱਕ, ਹਰ ਸੈਕਟਰ ’ਚ ਮੰਗ
ਕਾਰਪੋਰੇਟ ਟ੍ਰੈਵਲ ਦੀ ਵਧਦੀ ਮੰਗ ਬੈਂਕਿੰਗ, ਆਟੋਮੋਬਾਈਲ, ਤੇਲ ਅਤੇ ਗੈਸ, ਫਾਰਮਾ, ਟੈਲੀਕਾਮ, ਐੱਫ. ਐੱਮ. ਸੀ. ਜੀ., ਇੰਸ਼ੋਰੈਂਸ ਅਤੇ ਆਈ. ਟੀ. ਸਰਵਿਸਿਜ਼ ਵਰਗੇ ਖੇਤਰਾਂ ’ਚ ਦੇਖਣ ਨੂੰ ਮਿਲ ਰਹੀ ਹੈ। ਕੰਪਨੀਆਂ ਹੁਣ ਮੀਟਿੰਗਾਂ, ਪ੍ਰਾਜੈਕਟਾਂ ਅਤੇ ਕਲਾਇੰਟ ਇੰਟਰੈਕਸ਼ਨ ਲਈ ਯਾਤਰਾਵਾਂ ਨੂੰ ਜ਼ਰੂਰੀ ਨਿਵੇਸ਼ ਮੰਨਣ ਲੱਗੀਆਂ ਹਨ। ਮਾਹਿਰਾਂ ਅਨੁਸਾਰ ਭਾਰਤ ’ਚ ਕਾਰਪੋਰੇਟ ਟ੍ਰੈਵਲ ਦਾ ਇਕ ਵੱਡਾ ਹਿੱਸਾ ਅਜੇ ਵੀ ਅਸੰਗਠਿਤ ਖੇਤਰ ’ਚ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਸਾਲਾਂ ’ਚ ਇਸ ’ਚ ਹੋਰ ਵਾਧੇ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ।

ਏ. ਆਈ. ਅਤੇ ਟੈਕਨਾਲੋਜੀ ਨੇ ਬਦਲਿਆ ਟ੍ਰੈਵਲ ਤਜਰਬਾ
ਕਾਰਪੋਰੇਟ ਟ੍ਰੈਵਲ ਪਲੇਟਫਾਰਮ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਆਧੁਨਿਕ ਤਕਨੀਕ ਦਾ ਸਹਾਰਾ ਲੈ ਰਹੇ ਹਨ। ਫਲਾਈਟ, ਹੋਟਲ, ਗਰਾਊਂਡ ਟ੍ਰਾਂਸਪੋਰਟ ਅਤੇ ਹੋਰ ਸੇਵਾਵਾਂ ਨੂੰ ਇਕੱਠਾ ਕਰ ਕੇ ਕੰਪਨੀਆਂ ਨੂੰ ਆਸਾਨ, ਤੇਜ਼ ਅਤੇ ਕਿਫਾਇਤੀ ਹੱਲ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਨਾਲ ਨਾ ਸਿਰਫ ਲਾਗਤ ਕੰਟਰੋਲ ਕਰਨ ’ਚ ਮਦਦ ਮਿਲ ਰਹੀ ਹੈ, ਸਗੋਂ ਕਰਮਚਾਰੀਆਂ ਦਾ ਯਾਤਰਾ ਤਜਰਬਾ ਵੀ ਬਿਹਤਰ ਹੋਇਆ ਹੈ।

ਦੇਸ਼ ’ਚ ਵਧ ਰਹੀ ਆਰਥਿਕ ਗਤੀਵਿਧੀ, ਕਾਰੋਬਾਰ ਦਾ ਵਿਸਥਾਰ ਅਤੇ ਤਕਨੀਕ ਆਧਾਰਿਤ ਹੱਲ ਕਾਰਪੋਰੇਟ ਟ੍ਰੈਵਲ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾ ਰਹੇ ਹਨ। ਆਉਣ ਵਾਲੇ ਸਾਲਾਂ ’ਚ ਇਹ ਸੈਕਟਰ ਨਾ ਸਿਰਫ ਟ੍ਰੈਵਲ ਇੰਡਸਟਰੀ ਦਾ ਮਜ਼ਬੂਤ ਥੰਮ੍ਹ ਬਣੇਗਾ, ਸਗੋਂ ਦੇਸ਼ ਦੀ ਆਰਥਿਕ ਰਫਤਾਰ ਨੂੰ ਵੀ ਹੋਰ ਰਫਤਾਰ ਦੇਵੇਗਾ।

2030 ਤੱਕ ਦੁੱਗਣਾ ਹੋਣ ਦਾ ਅੰਦਾਜ਼ਾ :
ਉਦਯੋਗ ਰਿਪੋਰਟਾਂ ਮੁਤਾਬਕ ਭਾਰਤ ਦੀ ਕਾਰਪੋਰੇਟ ਟ੍ਰੈਵਲ ਮਾਰਕੀਟ ਕਰੀਬ 10 ਫੀਸਦੀ ਦੀ ਸਾਲਾਨਾ ਦਰ ਨਾਲ ਵਧ ਸਕਦੀ ਹੈ ਅਤੇ ਵਿੱਤੀ ਸਾਲ 2030 ਤੱਕ ਇਸ ਦਾ ਆਕਾਰ ਦੁੱਗਣਾ ਹੋ ਕੇ ਲੱਗਭਗ 20.8 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਉੱਥੇ ਹੀ ਕੁਲ ਟ੍ਰੈਵਲ ਮਾਰਕੀਟ ਵੀ ਆਉਣ ਵਾਲੇ ਸਾਲਾਂ ’ਚ ਤੇਜ਼ੀ ਨਾਲ ਵਿਸਥਾਰ ਕਰੇਗੀ। ਕੰਪਨੀਆਂ ਹੁਣ ਵੱਡੇ ਕਾਰਪੋਰੇਟਸ ਦੇ ਨਾਲ-ਨਾਲ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਸ. ਐੱਮ. ਈ.) ਲਈ ਵੀ ਵੱਖਰੀ ਰਣਨੀਤੀ ਅਪਣਾ ਰਹੀਆਂ ਹਨ। ਆਟੋਮੇਸ਼ਨ, ਆਸਾਨ ਪਾਲਿਸੀ ਮੈਨੇਜਮੈਂਟ ਅਤੇ ਸੈਲਫ-ਬੁਕਿੰਗ ਵਰਗੇ ਫੀਚਰਸ ਨਾਲ ਐੱਸ. ਐੱਮ. ਈ. ਨੂੰ ਲਾਗਤ ਬਚਾਉਣ ਅਤੇ ਟ੍ਰੈਵਲ ਬਜਟ ’ਤੇ ਬਿਹਤਰ ਕੰਟਰੋਲ ’ਚ ਮਦਦ ਮਿਲ ਰਹੀ ਹੈ।
 


author

Inder Prajapati

Content Editor

Related News