ਇਸ ਸਾਲ 6 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਗਏ ਵਿਦੇਸ਼, ਅਮਰੀਕਾ ਨੇ ਦਿੱਤੇ ਦਿਲ ਖੋਲ੍ਹ ਕੇ ਵੀਜ਼ੇ

Tuesday, Dec 27, 2022 - 03:34 PM (IST)

ਮੁੰਬਈ- ਕੇਂਦਰੀ ਸਿੱਖਿਆ ਵਿਭਾਗ ਵਲੋਂ ਰਾਜ ਸਭਾ 'ਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਇਸ ਸਾਲ 6 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਗਏ। ਇਸ ਡਾਟਾ ਅਨੁਸਾਰ, 2021 'ਚ ਉੱਚ ਸਿੱਖਿਆ ਲਈ 4,44,553 ਵਿਦਿਆਰਥੀ ਵਿਦੇਸ਼ ਗਏ ਅਤੇ ਇਸ ਸਾਲ ਨਵੰਬਰ ਦੇ ਅੰਤ ਤੱਕ 6,46,206 ਵਿਦਿਆਰਥੀ ਵਿਦੇਸ਼ ਗਏ। ਮੰਤਰਾਲਾ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 2017 'ਚ 4,54,009 ਤੋਂ ਵੱਧ ਕੇ 2019 'ਚ 5,86,337 ਹੋ ਗਈ। ਹਾਲਾਂਕਿ ਕੋਰੋਨਾ ਕਾਰਨ ਇਹ ਗਿਣਤੀ ਅੱਧੀ ਹੋ ਗਈ। ਸਾਲ 2020 'ਚ ਇਹ ਅੰਕੜਾ 2,59,655 ਤੱਕ ਪਹੁੰਚ ਗਿਆ। 

ਰਾਜ ਸਭਾ 'ਚ ਵਿਦੇਸ਼ ਮੰਤਰਾਲਾ ਤੋਂ ਪੁੱਛੇ ਗਏ ਇਕ ਹੋਰ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ, ਡਾਟਾ ਤੋਂ ਪਤਾ ਲੱਗਾ ਕਿ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਨੇ ਡਿਗਰੀ ਪਾਠਕ੍ਰਮਾਂ ਨੂੰ ਅੱਗੇ ਵਧਾਉਣ ਲਈ ਕੈਨੇਡਾ, ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟੇਡ ਕਿੰਗਡਮ ਨੂੰ ਪਹਿਲ ਦਿੱਤੀ। ਯੂਨਾਈਟੇਡ ਸਟੇਟਸ-ਇੰਡੀਆ ਐਜ਼ੂਕੇਸ਼ਨਲ ਫਾਊਂਡੇਸ਼ਨ (USIFF) ਦੇ ਮੁੰਬਈ ਖੇਤਰੀ ਅਧਿਕਾਰੀ ਰੇਯਾਨ ਪਰੇਰਾ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਅਮਰੀਕਾ ਨੇ ਇਸ ਸਾਲ ਲਗਭਗ 2 ਲੱਖ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਦਾਨ ਕੀਤਾ ਸੀ। ਉਨ੍ਹਾਂ ਕਿਹਾ,''ਕਈ ਵਿਦਿਆਰਥੀ ਸਿੱਖਿਆ ਦੀ ਗੁਣਵੱਤਾ ਕਾਰਨ ਅਤੇ ਆਪਣੀ ਪਸੰਦ ਦੇ ਵਿਸ਼ੇ ਚੁਣਨ ਦੀ ਆਜ਼ਾਦੀ ਕਾਰਨ ਵੀ ਅਮਰੀਕਾ 'ਚ ਪੜ੍ਹਾਈ ਕਰਨਾ ਪਸੰਦ ਕਰ ਰਹੇ ਹਨ।'' ਕੇਂਦਰੀ ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਅਨੁਸਾਰ 2021 'ਚ ਭਾਰਤ ਤੋਂ 1,25,115 ਵਿਦਿਆਰਥੀ ਉੱਚ ਸਿੱਖਿਆ ਲਈ ਅਮਰੀਕਾ ਗਏ ਸਨ। ਪਰੇਰਾ ਨੇ ਕਿਹਾ,''ਭਾਰਤ ਤੋਂ ਗਰੈਜੂਏਟ ਵਿਦਿਆਰਥੀਆਂ ਦੀ ਅਮਰੀਕਾ ਜਾਣ ਦੀ ਸੰਭਾਵਨਾ ਵੱਧ ਹੈ।'' ਅਧਿਕਾਰਤ ਅੰਕੜਿਆਂ ਅਨੁਸਾਰ 2021 'ਚ ਉੱਚ ਸਿੱਖਿਆ ਦਾ ਵਿਕਲਪ ਚੁਣਨ ਵਾਲੇ 10 ਦੇਸ਼ ਅਮਰੀਕਾ, ਕੈਨੇਡਾ, ਯੂਕੇ, ਯੂਕ੍ਰੇਨ, ਜਰਮਨੀ, ਰੂਸੀ ਸੰਘ, ਕਿਰਗਿਸਤਾਨ, ਬੰਗਲਾਦੇਸ਼, ਆਸਟ੍ਰੇਲੀਆ ਅਤੇ ਕਜ਼ਾਕਿਸਤਾਨ ਸਨ।


DIsha

Content Editor

Related News