ਸੋਨੇ ਦੀ ਸਮੱਗਲਿੰਗ ''ਚ ਫੜੀ ਗਈ ਇਹ ਮਸ਼ਹੂਰ ਅਦਾਕਾਰਾ, ਪਿਤਾ ਹੈ ਪੁਲਸ ''ਚ DG, ਕਰੋੜਾਂ ਦਾ ਸੋਨਾ ਬਰਾਮਦ

Wednesday, Mar 05, 2025 - 05:54 AM (IST)

ਸੋਨੇ ਦੀ ਸਮੱਗਲਿੰਗ ''ਚ ਫੜੀ ਗਈ ਇਹ ਮਸ਼ਹੂਰ ਅਦਾਕਾਰਾ, ਪਿਤਾ ਹੈ ਪੁਲਸ ''ਚ DG, ਕਰੋੜਾਂ ਦਾ ਸੋਨਾ ਬਰਾਮਦ

ਨੈਸ਼ਨਲ ਡੈਸਕ : ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਬੈਂਗਲੁਰੂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਸਮੱਗਲਿੰਗ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਧਿਕਾਰੀਆਂ ਨੇ 14 ਕਿਲੋ ਵਿਦੇਸ਼ੀ ਸੋਨੇ ਸਮੇਤ 4.73 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਬੈਂਗਲੁਰੂ ਪੁਲਸ ਦੇ ਡੀਜੀ ਰਾਮਚੰਦਰ ਰਾਓ ਦੀ ਮਤਰੇਈ ਧੀ ਅਤੇ ਸਾਊਥ ਦੀਆਂ ਫਿਲਮਾਂ ਦੀ ਅਭਿਨੇਤਰੀ ਰਾਣਿਆ ਰਾਓ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਤਸਕਰੀ ਦੇ ਨੈੱਟਵਰਕ ਨਾਲ ਜੁੜੀ ਦੱਸੀ ਜਾਂਦੀ ਹੈ ਅਤੇ ਉਸਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

12.56 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ
ਇਹ ਤਸਕਰੀ ਦਾ ਮਾਮਲਾ ਮੰਗਲਵਾਰ ਨੂੰ ਉਦੋਂ ਸਾਹਮਣੇ ਆਇਆ, ਜਦੋਂ ਡੀਆਰਆਈ ਨੇ ਬੈਂਗਲੁਰੂ ਹਵਾਈ ਅੱਡੇ 'ਤੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ, ਜਿਸ ਕੋਲੋਂ 14.2 ਕਿਲੋ ਵਿਦੇਸ਼ੀ ਸੋਨਾ ਬਰਾਮਦ ਹੋਇਆ। ਇਸ ਸੋਨੇ ਦੀ ਅੰਦਾਜ਼ਨ ਕੀਮਤ 12.56 ਕਰੋੜ ਰੁਪਏ ਹੈ। ਜਾਣਕਾਰੀ ਮੁਤਾਬਕ ਇਹ ਸੋਨਾ ਦੁਬਈ ਤੋਂ ਬੈਂਗਲੁਰੂ ਪਹੁੰਚੀ ਇਕ ਔਰਤ ਦੇ ਸਰੀਰ 'ਚ ਛੁਪਾ ਕੇ ਲਿਆਂਦਾ ਗਿਆ ਸੀ। ਔਰਤ ਕੋਲੋਂ ਸੋਨਾ ਜ਼ਬਤ ਕਰ ਲਿਆ ਗਿਆ ਸੀ ਅਤੇ ਉਸ ਨੂੰ ਕਸਟਮ ਐਕਟ, 1962 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : CM ਯੋਗੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵ੍ਹਟਸਐਪ ਗਰੁੱਪ ’ਚ ਆਈ ਵੀਡੀਓ ਮਗਰੋਂ ਮਚੀ ਹਫੜਾ-ਦਫੜੀ

ਦੁਬਈ ਤੋਂ ਬੈਂਗਲੁਰੂ ਪੁੱਜੀ ਔਰਤ 'ਤੇ ਰੱਖੀ ਖ਼ਾਸ ਨਜ਼ਰ
ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਡੀਆਰਆਈ ਅਧਿਕਾਰੀਆਂ ਨੇ ਇੱਕ 33 ਸਾਲਾ ਮਹਿਲਾ ਯਾਤਰੀ ਨੂੰ ਰੋਕਿਆ ਜੋ 3 ਮਾਰਚ, 2025 ਨੂੰ ਦੁਬਈ ਤੋਂ ਬੈਂਗਲੁਰੂ ਹਵਾਈ ਅੱਡੇ 'ਤੇ ਪਹੁੰਚੀ ਸੀ। ਔਰਤ ਕੋਲੋਂ 14.2 ਕਿਲੋ ਸੋਨਾ ਜੋ ਛੁਪਾਇਆ ਗਿਆ ਸੀ, ਬਰਾਮਦ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਔਰਤ ਸੋਨੇ ਦੀ ਤਸਕਰੀ ਦੇ ਸੰਗਠਿਤ ਨੈੱਟਵਰਕ ਦਾ ਹਿੱਸਾ ਹੋ ਸਕਦੀ ਹੈ ਅਤੇ ਉਸ ਦੀ ਗ੍ਰਿਫਤਾਰੀ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਹਿਮ ਕਦਮ ਹੈ।

ਔਰਤ ਦੇ ਘਰੋਂ ਨਕਦੀ ਤੇ ਸੋਨੇ ਦੇ ਗਹਿਣੇ ਬਰਾਮਦ
ਪੁੱਛਗਿੱਛ ਤੋਂ ਬਾਅਦ ਡੀਆਰਆਈ ਅਧਿਕਾਰੀਆਂ ਨੇ ਮਹਿਲਾ ਦੇ ਬੈਂਗਲੁਰੂ ਸਥਿਤ ਘਰ 'ਤੇ ਛਾਪਾ ਮਾਰਿਆ, ਜਿੱਥੇ ਉਹ ਆਪਣੇ ਪਤੀ ਨਾਲ ਰਹਿੰਦੀ ਸੀ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ 2.06 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 2.67 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਇਸ ਕਾਰਵਾਈ ਤੋਂ ਬਾਅਦ ਕੁੱਲ 17.29 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਬੈਂਗਲੁਰੂ ਹਵਾਈ ਅੱਡੇ 'ਤੇ ਇਸ ਸਾਲ ਦੀ ਸਭ ਤੋਂ ਵੱਡੀ ਸੋਨੇ ਦੀ ਬਰਾਮਦਗੀ
ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੈਂਗਲੁਰੂ ਹਵਾਈ ਅੱਡੇ 'ਤੇ ਹਾਲ ਦੇ ਸਾਲਾਂ 'ਚ ਸੋਨੇ ਦੀ ਤਸਕਰੀ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੋ ਸਕਦੀ ਹੈ। ਡੀਆਰਆਈ ਅਧਿਕਾਰੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਔਰਤ ਇਸ ਵੱਡੇ ਤਸਕਰੀ ਨੈੱਟਵਰਕ ਦਾ ਹਿੱਸਾ ਹੋ ਸਕਦੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਵੀ ਛੇਤੀ ਹੀ ਪਛਾਣ ਹੋ ਸਕਦੀ ਹੈ।

ਇਹ ਵੀ ਪੜ੍ਹੋ : ਰੋਹਤਾਂਗ ’ਚ 6 ਫੁੱਟ ਤੱਕ ਬਰਫ਼ਬਾਰੀ, 300 ਸੜਕਾਂ ਬੰਦ

ਰਾਣਿਆ ਰਾਓ ਦਾ ਕਨੈਕਸ਼ਨ: ਬੈਂਗਲੁਰੂ ਪੁਲਸ ਦੇ ਡੀਜੀ ਰਾਮਚੰਦਰ ਰਾਓ ਦੀ ਮਤਰੇਈ ਧੀ
ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਰਾਣਿਆ ਰਾਓ ਇਸ ਨੈੱਟਵਰਕ 'ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਉਹ ਬੈਂਗਲੁਰੂ ਪੁਲਸ ਦੇ ਡੀਜੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ ਅਤੇ ਮਾਮਲੇ ਦੀ ਜਾਂਚ ਵਿੱਚ ਉਸ ਦਾ ਸਬੰਧ ਸਾਹਮਣੇ ਆਇਆ ਹੈ। ਡੀਆਰਆਈ ਨੂੰ ਰਾਣਿਆ ਰਾਓ ਬਾਰੇ ਪਹਿਲਾਂ ਹੀ ਜਾਣਕਾਰੀ ਸੀ ਅਤੇ ਇਸੇ ਕਾਰਨ ਡੀਆਰਆਈ ਦੀ ਟੀਮ ਉਸ ਦੇ ਲੈਂਡਿੰਗ ਤੋਂ ਦੋ ਘੰਟੇ ਪਹਿਲਾਂ ਹੀ ਏਅਰਪੋਰਟ ’ਤੇ ਮੌਜੂਦ ਸੀ। ਅਧਿਕਾਰੀਆਂ ਨੇ ਹਰ ਯਾਤਰੀ ਦੀ ਜਾਂਚ ਕੀਤੀ ਅਤੇ ਰਾਣਿਆ ਰਾਓ ਨੂੰ ਫੜ ਲਿਆ।

ਰਾਣਿਆ ਰਾਓ ਦਾ ਫਿਲਮੀ ਕਰੀਅਰ
ਰਣਿਆ ਰਾਓ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2014 ਵਿੱਚ ਕੀਤੀ ਸੀ। ਉਸਦੀ ਪਹਿਲੀ ਫਿਲਮ "ਮਣਿਕਿਆ" ਸੀ, ਜਿਸ ਵਿੱਚ ਉਹ ਕਿਚਾ ਸੁਦੀਪ ਦੇ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ''ਵਾਘਾ'' ਅਤੇ ''ਪੱਤਕੀ'' ਵਰਗੀਆਂ ਫਿਲਮਾਂ ''ਚ ਵੀ ਕੰਮ ਕੀਤਾ। ਹਾਲਾਂਕਿ, ਉਸਦਾ ਫਿਲਮੀ ਕਰੀਅਰ ਚੰਗਾ ਨਹੀਂ ਚੱਲ ਸਕਿਆ ਅਤੇ ਉਹ 2017 ਤੋਂ ਬਾਅਦ ਕਿਸੇ ਫਿਲਮ ਵਿੱਚ ਨਜ਼ਰ ਨਹੀਂ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News