11 ਕਰੋੜ ਦੀ ਕੋਕੀਨ ਦੀ ਸਮੱਗਲਿੰਗ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਬ੍ਰਾਜ਼ੀਲ ਦੀ ਔਰਤ ਗ੍ਰਿਫਤਾਰ
Monday, Mar 03, 2025 - 05:27 AM (IST)

ਮੁੰਬਈ (ਭਾਸ਼ਾ) - ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਮੁੰਬਈ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਇਰਾਦੇ ਨਾਲ 10.96 ਕਰੋੜ ਰੁਪਏ ਦੀ ਕੀਮਤ ਦੇ ਕੋਕੀਨ ਦੇ 100 ਕੈਪਸੂਲ ਨਿਗਲਣ ਦੇ ਮਾਮਲੇ ’ਚ ਇਕ ਬ੍ਰਾਜ਼ੀਲ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਡੀ. ਆਰ. ਆਈ. ਨੇ ਇਹ ਜਾਣਕਾਰੀ ਦਿੱਤੀ। ਡੀ. ਆਰ. ਆਈ. ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ ਸਾਓ ਪਾਓਲੋ ਤੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ ਔਰਤ ਨੂੰ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਉਸ ਨੇ ਭਾਰਤ ’ਚ ਸਮੱਗਲਿੰਗ ਲਈ ਕੋਕੀਨ ਦੇ ਕੈਪਸੂਲ ਨਿਗਲਣ ਦੀ ਗੱਲ ਕਬੂਲੀ। ਉਨ੍ਹਾਂ ਕਿਹਾ ਕਿ ਔਰਤ ਨੂੰ ਬਾਅਦ ਵਿਚ ਇਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਪੇਟ ’ਚੋਂ 1,096 ਗ੍ਰਾਮ ਕੋਕੀਨ ਦੇ 100 ਕੈਪਸੂਲ ਕੱਢੇ ਗਏ, ਜਿਨ੍ਹਾਂ ਦੀ ਕੀਮਤ ਬਾਜ਼ਾਰ ਵਿਚ 10.96 ਕਰੋੜ ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਐੱਨ. ਡੀ. ਪੀ. ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ।