Fact Check : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਮਹਾਕੁੰਭ ''ਚ ਕੀਤੀ ਸ਼ਿਰਕਤ ! ਇਹ ਹੈ ਸੱਚ
Tuesday, Feb 25, 2025 - 02:58 AM (IST)

Fact Check By Vishvas.News
ਨਵੀਂ ਦਿੱਲੀ- ਸੋਸ਼ਲ ਮੀਡੀਆ ‘ਤੇ ਅਦਾਕਾਰਾ ਸੰਨੀ ਲਿਓਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਘਾਟ ‘ਤੇ ਵੀਡੀਓ ਬਣਾਉਂਦੇ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰ ਇਸ ਵੀਡੀਓ ਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਸੰਨੀ ਲਿਓਨ ਦਾ ਇਹ ਵੀਡੀਓ ਮਹਾਂਕੁੰਭ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਦਰਅਸਲ ਸੰਨੀ ਲਿਓਨ ਦਾ ਇਹ ਵੀਡੀਓ ਸਾਲ 2023 ਦਾ ਹੈ, ਜਦੋਂ ਉਹ ਆਪਣੇ ਮਿਯੂਜ਼ਿਕ ਐਲਬਮ ਦੇ ਪ੍ਰਮੋਸ਼ਨ ਲਈ ਵਾਰਾਣਸੀ ਗਈ ਸੀ। ਵੀਡੀਓ ਨੂੰ ਮਹਾਂਕੁੰਭ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ‘Manish Kumar’ ਨੇ (ਆਰਕਾਈਵ ਲਿੰਕ) 21 ਫਰਵਰੀ 2025 ਨੂੰ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ, “ਖੁਦ ਨੂੰ ਸਾਰੇ ਪਾਪਾਂ ਤੋਂ ਮੁਕਤ ਕਰਦੇ ਹੋਏ ਤੁਹਾਡੇ ਸਾਰੀਆਂ ਦੀ ਪਸੰਦੀਦਾ Sunny Leone.. ਜੈ ਹੋ ਗੰਗਾ ਮਾਂ..ਜੈ ਮਹਾਂਕੁੰਭ”
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨਾਲ ਸਬੰਧਤ ਰਿਪੋਰਟ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਮਿਲੀ। ਇਹ ਰਿਪੋਰਟ 17 ਨਵੰਬਰ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “ਸੰਨੀ ਲਿਓਨ ਇੱਕ ਐਲਬਮ ਦੇ ਪ੍ਰਮੋਸ਼ਨ ਲਈ ਵਾਰਾਣਸੀ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਬਾਬਾ ਵਿਸ਼ਵਨਾਥ ਦੇ ਦਰਸ਼ਨ ਕੀਤੇ ਅਤੇ ਗੰਗਾ ਆਰਤੀ ਵੀ ਵੇਖੀ ਸੀ।”
ਸਾਨੂੰ ਜ਼ੀ ਨਿਊਜ਼ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਮਿਲਿਆ। 17 ਨਵੰਬਰ 2023 ਨੂੰ ਅਪਲੋਡ ਕੀਤੇ ਗਏ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਵਾਰਾਣਸੀ ਦਾ ਹੈ।
ਸਾਨੂੰ ਸੰਨੀ ਲਿਓਨ ਦੇ ਅਧਿਕਾਰਤ ‘ਤੇ ਵੀ ਵਾਇਰਲ ਵੀਡੀਓ ਮਿਲਿਆ। ਵੀਡੀਓ ਨੂੰ 3 ਦਸੰਬਰ 2023 ਨੂੰ ਸ਼ੇਅਰ ਕੀਤਾ ਗਿਆ ਸੀ।
— Sunny Leone (@SunnyLeone) December 3, 2023
ਵਾਇਰਲ ਵੀਡੀਓ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਅਸੀਂ ਵੀਡੀਓ ਦੈਨਿਕ ਜਾਗਰਣ ਦੇ ਵਾਰਾਣਸੀ ਦੇ ਸੰਪਾਦਕੀ ਇੰਚਾਰਜ ਬਸੰਤ ਕੁਮਾਰ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਵਾਰਾਣਸੀ ਦਾ ਹੈ, ਪਰ ਪੁਰਾਣਾ ਹੈ। ਸੰਨੀ ਲਿਓਨ ਆਪਣੇ ਐਲਬਮ ਦੇ ਪ੍ਰਮੋਸ਼ਨ ਲਈ ਇੱਥੇ ਆਈ ਸੀ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 6 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਬਿਹਾਰ ਦੇ ਸਮਸਤੀਪੁਰ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੰਨੀ ਲਿਓਨ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਸਾਲ 2023 ਦਾ ਹੈ, ਜਦੋਂ ਸੰਨੀ ਲਿਓਨ ਆਪਣੇ ਸੰਗੀਤ ਐਲਬਮ ਦੇ ਪ੍ਰਮੋਸ਼ਨ ਲਈ ਵਾਰਾਣਸੀ ਗਈ ਸੀ। ਹੁਣ ਕੁਝ ਲੋਕ ਉਸੇ ਵੀਡੀਓ ਨੂੰ ਮਹਾਂਕੁੰਭ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)