ਅੰਮ੍ਰਿਤਸਰ 'ਚ ਗ੍ਰਨੇਡ ਹਮਲੇ ਕਰਨ ਵਾਲੇ ਦਾ ਐਨਕਾਊਂਟਰ! ਹਥਿਆਰ ਬਰਾਮਦ
Thursday, Feb 27, 2025 - 08:34 PM (IST)

ਬਟਾਲਾ (ਵੈੱਬ ਡੈਸਕ) : ਇੱਕ ਵੱਡੀ ਸਫਲਤਾ ਦੌਰਾਨ ਬਟਾਲਾ ਪੁਲਸ ਨੇ ਜੈਂਤੀਪੁਰ ਅਤੇ ਰਾਇਮਲ 'ਚ ਗ੍ਰਨੇਡ ਧਮਾਕੇ ਦੇ ਮਾਮਲਿਆਂ ਨੂੰ ਸਫਲਤਾਪੂਰਵਕ ਟਰੇਸ ਤੇ ਹੱਲ ਕਰ ਲਿਆ ਹੈ। ਇਸ ਕਾਰਵਾਈ ਦੇ ਨਤੀਜੇ ਵਜੋਂ ਮੁੱਖ ਦੋਸ਼ੀ ਮੋਹਿਤ ਅਤੇ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਥਿਆਰ ਬਰਾਮਦਗੀ ਲਈ ਲਿਜਾਂਦੇ ਸਮੇਂ ਗ੍ਰਨੇਡ ਸੁੱਟਣ ਵਾਲੇ ਮੋਹਿਤ ਨੇ ਪੁਲਸ ਪਾਰਟੀ 'ਤੇ ਗੋਲੀਬਾਰੀ ਕੀਤੀ। ਜਵਾਬੀ ਗੋਲੀਬਾਰੀ 'ਚ ਉਹ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ, ਬਟਾਲਾ ਭੇਜ ਦਿੱਤਾ ਗਿਆ ਹੈ।
ਅੰਮ੍ਰਿਤਸਰ ਵਿਚ ਹੋਏ ਗ੍ਰਨੇਡ ਹਮਲੇ
ਦੱਸ ਦਈਏ ਕਿ 15 ਜਨਵਰੀ, 2025 ਨੂੰ ਅੰਮ੍ਰਿਤਸਰ ਦੇ ਜੈਂਤੀਪੁਰ 'ਚ ਪੱਪੂ ਜੈਂਤੀਪੁਰੀਆ ਦੇ ਘਰ 'ਤੇ ਇੱਕ ਗ੍ਰਨੇਡ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ 17 ਫਰਵਰੀ, 2025 (ਰਾਤ 8:00 ਵਜੇ) ਰਾਇਮਲ 'ਚ ਪੰਜਾਬ ਪੁਲਸ ਦੇ ਕਾਂਸਟੇਬਲ ਦੇ ਘਰ 'ਤੇ ਇੱਕ ਗ੍ਰਨੇਡ ਸੁੱਟਿਆ ਗਿਆ। ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਅਮਰੀਕਾ ਦੇ ਇੱਕ ਅੱਤਵਾਦੀ ਹੈਪੀ ਪਛੀਆ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲਈ ਸੀ।
ਗ੍ਰਿਫਾਤਾਰ ਕੀਤੇ ਮੁਲਜ਼ਮ
ਮੋਹਿਤ ਪੁੱਤਰ ਜਸਪਾਲ, ਵਾਸੀ ਬੁੱਢੇ ਦੀ ਖੂਈ, ਜਿਸਨੇ ਕਾਂਸਟੇਬਲ ਦੇ ਘਰ 'ਤੇ ਗ੍ਰਨੇਡ ਹਮਲਾ ਨਿੱਜੀ ਤੌਰ 'ਤੇ ਕੀਤਾ ਸੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਵਿਸ਼ਾਲ ਭੱਟੀ ਪੁੱਤਰ ਸੱਜਣ, ਵਾਸੀ ਬਸਰਪੁਰਾ, ਬਟਾਲਾ ਵੀ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਰਵਿੰਦਰ ਸਿੰਘ, ਵਾਸੀ ਬੁੱਢੇ ਦੀ ਖੂਈ ਤੇ ਰਾਜਬੀਰ ਪੁੱਤਰ ਅਮਰਬੀਰ ਵਾਸੀ ਬੁੱਢੇ ਦੀ ਖੂਈ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਹਥਿਆਰਾਂ ਦੀ ਬਰਾਮਦਗੀ
ਗ੍ਰਿਫਤਾਰੀਆਂ ਤੋਂ ਬਾਅਦ, ਬਟਾਲਾ ਪੁਲਸ ਮੋਹਿਤ ਨੂੰ ਹਮਲੇ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਨ ਲਈ ਲੈ ਗਈ। ਹਾਲਾਂਕਿ, ਕਾਰਵਾਈ ਦੌਰਾਨ, ਮੋਹਿਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਸ ਪਾਰਟੀ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ, ਮੋਹਿਤ ਨੂੰ ਗੋਲੀਆਂ ਲੱਗੀਆਂ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਇੱਕ 30 ਬੋਰ ਦਾ ਪਿਸਤੌਲ, ਜਿਸਦੀ ਵਰਤੋਂ ਮੋਹਿਤ ਨੇ ਪੁਲਸ ਪਾਰਟੀ 'ਤੇ ਗੋਲੀਬਾਰੀ ਕਰਨ ਲਈ ਕੀਤੀ ਸੀ, ਬਰਾਮਦ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8