ਹੁਣ ''ਵੰਦੇ ਮਾਤਰਮ ਯੂਨੀਵਰਸਿਟੀ'' ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਕਾਲਜ

11/18/2017 2:49:50 PM

ਨਵੀਂ ਦਿੱਲੀ— ਜਿੱਥੇ ਇਕ ਪਾਸੇ ਦੇਸ਼ 'ਚ 'ਵੰਦੇ ਮਾਤਰਮ' ਗਾਏ ਜਾਣ ਨੂੰ ਲੈ ਕੇ ਬਹਿਸ ਛਿੜੀ ਹੈ, ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਮਸ਼ਹੂਰ ਦਿਆਲ ਸਿੰਘ ਇਵਨਿੰਗ ਕਾਲਜ ਦਾ ਨਾਂ ਬਦਲ ਕੇ 'ਵੰਦੇ ਮਾਤਰਮ ਯੂਨੀਵਰਸਿਟੀ' ਰੱਖਿਆ ਜਾਵੇਗਾ। ਕਾਲਜ ਦੀ ਗਵਰਨਿੰਗ ਬਾਡੀ (ਜੀ.ਬੀ.) ਨੇ ਇਕ ਪ੍ਰਸਤਾਵ ਪਾਸ ਕਰ ਕੇ ਇਹ ਫੈਸਲਾ ਲਿਆ। ਜਿਸ ਦਾ ਵਿਰੋਧ ਕਰਦੇ ਹੋਏ ਕੁਝ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ। 
ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਦੱਸਿਆ ਕਿ ਹੁਣ ਇਵਨਿੰਗ ਅਤੇ ਮਾਰਨਿੰਗ ਕਾਲਜ ਦੇ ਵੱਖ-ਵੱਖ ਨਾਂ ਹੋਣਗੇ। ਇਸ ਲਈ ਸਾਨੂੰ ਇਵਨਿੰਗ ਕਾਲਜ ਦਾ ਨਾਂ ਬਦਲਣਾ ਹੀ ਹੋਵੇਗਾ। ਸਿਨਹਾ ਨੇ ਕਿਹਾ ਕਿ ਵੰਦੇ ਮਾਤਰਮ ਦਾ ਮਤਲਬ ਮਾਂ ਨੂੰ ਸਨਮਾਨ ਦੇਣਾ ਹੈ। ਇਸ ਲਈ ਨਾਂ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਭਾਵੇਂ ਉਹ ਤੁਹਾਡੀ ਮਾਂ ਹੋਵੇ ਜਾਂ ਭਾਰਤ ਮਾਤਾ ਹੋਵੇ। ਜਿਨ੍ਹਾਂ ਨੂੰ ਮਾਂ ਨੂੰ ਸਨਮਾਨ ਦੇਣ 'ਚ ਪਰੇਸ਼ਾਨੀ ਹੈ ਤਾਂ ਸਵਾਲ ਉੱਠਦਾ ਹੈ ਕਿ ਉਹ ਮਨੁੱਖ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਦਿਆਲ ਸਿੰਘ ਕਾਲਜ ਦੇ ਪ੍ਰਿੰਸੀਪਲ ਨੂੰ 21 ਸਤੰਬਰ ਨੂੰ ਐਗਜ਼ੀਕਿਊਟਿਵ ਕਾਊਂਸਿਲ ਤੋਂ ਇਕ ਨੋਟੀਫਿਕੇਸ਼ਨ ਮਿਲਿਆ ਸੀ, ਜਿਸ ਦੇ ਅਨੁਸਾਰ ਕਾਲਜ ਨੂੰ ਫੁੱਲ ਫਲੇਜਡ ਡੇਅ ਕਾਲਜ 'ਚ ਬਦਲਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ, ਕਿਉਂਕਿ ਕਾਲਜ ਨੂੰ ਮਾਰਨਿੰਗ ਕਾਲਜ ਬਣਾ ਦਿੱਤਾ ਗਿਆ ਤਾਂ ਡੀ.ਯੂ ਵੱਲੋਂ ਚੁਣੀ ਇਕ ਕਮੇਟੀ ਦੋਹਾਂ ਕਾਲਜਾਂ ਦੀਆਂ ਸੰਪਤੀਆਂ ਨੂੰ ਵੱਖ ਕਰਨ ਦਾ ਕੰਮ ਕਰ ਰਹੀ ਹੈ।
ਪਹਿਲੇ ਕਾਲਜ ਦਾ ਨਾਂ ਮਦਨ ਮੋਹਨ ਮਾਲਵੀਏ ਕਾਲਜ ਰੱਖੇ ਜਾਣ 'ਤੇ ਵੀ ਵਿਚਾਰ ਹੋ ਰਿਹਾ ਸੀ। ਇਸ ਦਾ ਮੌਜੂਦਾ ਨਾਂ ਦਿਆਲ ਸਿੰਘ ਮਜੀਠੀਆ ਦੇ ਨਾਂ 'ਤੇ ਰੱਖਿਆ ਗਿਆ ਹੈ। ਕਾਲਜ ਵੈੱਬਸਾਈਟ ਅਨੁਸਾਰ ਮਜੀਠੀਆ ਨੇ 1895 'ਚ ਇਕ ਸਿੱਖਿਆ ਟਰੱਸਟ ਵੀ ਬਣਾਇਆ ਸੀ, ਜੋ ਪੂਰੀ ਤਰ੍ਹਾਂ ਨਾਲ ਧਰਮ ਨਿਰਪੱਖ ਕਾਲਜ ਹੋਵੇਗਾ। ਬਾਅਦ 'ਚ ਇਸੇ ਟਰੱਸਟ ਨੇ ਦਿਆਲ ਸਿੰਘ ਕਾਲਜ ਦੀ ਸਥਾਪਨਾ ਕੀਤੀ। ਉੱਥੇ ਹੀ ਭਾਜਪਾ ਨੇਤਾ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਮਾਂ ਨੂੰ ਸਨਮਾਨ ਮਿਲੇਗਾ।


Related News