ਖੇਤੀ ਬਿੱਲਾਂ ’ਚ ਖ਼ਾਮੀਆਂ ਹਨ ਤਾਂ ਅੱਜ ਅੰਨਦਾਤਾ ਸੜਕਾਂ ’ਤੇ ਹੈ : ਕੇਜਰੀਵਾਲ
Thursday, Sep 24, 2020 - 06:24 PM (IST)
ਨਵੀਂ ਦਿੱਲੀ— ਖੇਤੀ ਬਿੱਲਾਂ ਨੂੰ ਲੈ ਕੇ ਦੇਸ਼ ਭਰ ਦੇ ਤਮਾਮ ਸੂਬਿਆਂ ’ਚ ਕਿਸਾਨਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਬਿੱਲ ਨੂੰ ਲੈ ਕੇ ਅੱਜ ਅੰਨਦਾਤਾ ਸੜਕਾਂ ’ਤੇ ਹਨ। ਮੋਦੀ ਸਰਕਾਰ ਵਲੋਂ ਸੰਸਦ ਦੇ ਦੋਹਾਂ ਸਦਨਾਂ-ਰਾਜ ਸਭਾ ਅਤੇ ਲੋਕ ਸਭਾ ’ਚ ਖੇਤੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ। ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਖੇਤੀ ਬਿੱਲਾਂ ’ਚ ਜ਼ਾਹਰ ਤੌਰ ’ਤੇ ਸਮੱਸਿਆਵਾਂ ਅਤੇ ਖ਼ਾਮੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ’ਤੇ ਹੋਈ ਵੋਟਿੰਗ ਨਿੰਦਾਯੋਗ ਹੈ।
ਇਹ ਵੀ ਪੜ੍ਹੋ: ਰਾਜ ਸਭਾ ’ਚ ਭਾਰੀ ਹੰਗਾਮੇ ਦਰਮਿਆਨ ਖੇਤੀ ਬਿੱਲ ਪਾਸ
ਦੱਸ ਦੇਈਏ ਕਿ ਵਿਰੋਧੀ ਧਿਰ ਅਤੇ ਕਿਸਾਨ ਸੰਗਠਨਾਂ ਦੇ ਵਿਰੋਧ ਦਰਮਿਆਨ ਸੰਸਦ ਦੇ ਦੋਹਾਂ ਸਦਨਾਂ ਨੇ ਤਿੰਨ ਖੇਤੀ ਬਿੱਲਾਂ ਪਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ’ਤੇ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ, ਜਿਸ ਤੋਂ ਬਾਅਦ ਇਹ ਬਿੱਲ ਕਾਨੂੰਨ ਦਾ ਰੂਪ ਲੈ ਲੈਣਗੇ। ਇਹ ਤਿੰਨ ਖੇਤੀ ਬਿੱਲ ਹਨ— ਜ਼ਰੂਰੀ ਵਸਤਾਂ ਸੋਧ ਬਿੱਲ 2020, ਕਿਸਾਨੀ ਉਪਜ ਵਪਾਰ ਅਤੇ ਵਣਜ ਬਿੱਲ 2020 ਅਤੇ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਬਿੱਲ 2020 ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ: ਕੀ ਹੈ ਖੇਤੀ ਆਰਡੀਨੈਂਸ? ਕਿਸਾਨ ਕਿਉਂ ਜਤਾ ਰਹੇ ਨੇ ਇਤਰਾਜ਼, ਜਾਣਨ ਲਈ ਪੜ੍ਹੋ ਇਹ ਖ਼ਬਰ
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਰਾਜ ਸਭਾ ਵਿਚ ਖੇਤੀ ਬਿੱਲਾਂ ਦੇ ਪਾਸ ਹੋਣ ਦੌਰਾਨ ਅਨੁਚਿਤ ਵਤੀਰੇ ਕਾਰਨ ਬਾਕੀ ਦੇ ਸੈਸ਼ਨ ਲਈ ਮੁਅੱਤਲ ਕੀਤੇ ਗਏ 8 ਸੰਸਦ ਮੈਂਬਰਾਂ ’ਚ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਵੀ ਮੌਜੂਦ ਸਨ। ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਿੰਨੋਂ ਖੇਤੀ ਬਿੱਲਾਂ ’ਚ ਜ਼ਾਹਰ ਤੌਰ ’ਤੇ ਸਮੱਸਿਆਵਾਂ ਅਤੇ ਵੱਡੀਆਂ ਖ਼ਾਮੀਆਂ ਹਨ। ਦੇਸ਼ ਭਰ ਦੇ ਕਿਸਾਨ ਵਿਰੋਧ ਕਰ ਰਹੇ ਹਨ ਅਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਸਾਰਿਆਂ ਨੂੰ ਗੁੰਮਰਾਹ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ਦੇ ਉੱਪਰੀ ਸਦਨ ਰਾਜ ਸਭਾ ਵਿਚ ਬਿੱਲਾਂ ’ਤੇ ਜਿਸ ਤਰ੍ਹਾਂ ਵੋਟਿੰਗ ਕਰਵਾਈ ਗਈ ਹੈ, ਉਹ ਸ਼ੱਕੀ ਅਤੇ ਨਿੰਦਾਯੋਗ ਹੈ।