ਚੋਰੀ ਦੇ ਸ਼ੱਕ ''ਚ ਭੀੜ ਨੇ ਨੌਜਵਾਨ ਨੂੰ ਕੁੱਟਿਆ, ਜ਼ਬਰਨ ਬੁਲਵਾਇਆ ਜੈ ਸ਼੍ਰੀਰਾਮ

Monday, Jun 24, 2019 - 09:55 AM (IST)

ਚੋਰੀ ਦੇ ਸ਼ੱਕ ''ਚ ਭੀੜ ਨੇ ਨੌਜਵਾਨ ਨੂੰ ਕੁੱਟਿਆ, ਜ਼ਬਰਨ ਬੁਲਵਾਇਆ ਜੈ ਸ਼੍ਰੀਰਾਮ

ਜਮਸ਼ੇਦਪੁਰ— ਝਾਰਖੰਡ ਦੇ ਜਮਸ਼ੇਦਪੁਰ 'ਚ 24 ਸਾਲ ਦੇ ਨੌਜਵਾਨ ਨੂੰ ਚੋਰੀ ਦੇ ਸ਼ੱਕ 'ਚ ਭੀੜ ਨੇ ਕੁੱਟ-ਕੁੱਟ ਕੇ ਅੱਧਮਰਿਆ ਕਰ ਦਿੱਤਾ।  ਉਸ ਤੋਂ ਜ਼ਬਰਨ ਜੈ ਸ਼੍ਰੀਰਾਮ ਅਤੇ ਜੈ ਹਨੂੰਮਾਨ ਵੀ ਬੁਲਵਾਇਆ ਗਿਆ। ਸਰਾਏਕੇਲਾ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ 24 ਸਾਲ ਦੇ ਤਬਰੇਜ਼ ਅੰਸਾਰੀ ਦੀ ਮੌਤ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅੰਸਾਰੀ ਉਰਫ਼ ਸੋਨੂੰ ਦੀ ਮੌਤ ਦੇ ਦੋਸ਼ੀ ਪੱਪੂ ਮੰਡਲ ਵਿਰੁੱਧ ਕਤਲ,  ਫਿਰਕੂ ਨਫ਼ਰਤ ਅਤੇ ਭੀੜ ਨੂੰ ਉਕਸਾਉਣ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਹੋਇਆ ਹੈ। ਸਰਾਏਕੇਲਾ ਐੱਸ.ਪੀ. ਕਾਰਤਿਕ ਐੱਸ ਨੇ ਅੰਸਾਰੀ ਦੀ ਮੌਤ ਤੋਂ ਬਾਅਦ ਕਿਹਾ,''ਮੌਤ ਦਾ ਸਪੱਸ਼ਟ ਕਾਰਨ ਪੋਸਟਮਾਰਟ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ।'' ਉੱਥੇ ਹੀ ਝਾਰਖੰਡ ਜਨ ਅਧਿਕਾਰ ਮਹਾਸਭਾ ਦੇ ਸਮਾਜਿਕ ਵਰਕਰ ਅਫਜ਼ਲ ਅਨੀਸ ਨੇ ਪੁਲਸ ਦੀ ਭੂਮਿਕਾ 'ਤੇ ਸਵਾਲ ਕੀਤਾ, ਕਿਉਂਕਿ ਤਬਰੇਜ਼ ਦੀ ਮੌਤ ਨਿਆਇਕ ਹਿਰਾਸਤ 'ਚ ਹੋਈ ਸੀ।

ਇਹ ਘਟਨਾ 17 ਜੂਨ ਦੀ ਰਾਤ ਦੀ ਹੈ, ਜਦੋਂ ਧਤਕੀਡੀਹ ਇਲਾਕੇ 'ਚ ਪਿੰਡ ਵਾਸੀਆਂ ਨੇ ਅੰਸਾਰੀ ਨੂੰ ਮੋਟਰਸਾਈਕਲ ਚੋਰ ਸਮਝ ਕੇ ਫੜ ਲਿਆ ਸੀ। ਘਟਨਾ ਨਾਲ ਜੁੜਿਆ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪਿੰਡ ਵਾਸੀ ਅੰਸਾਰੀ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟ ਰਹੇ ਹਨ। ਇਸ ਤੋਂ ਬਾਅਦ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ। ਅੰਸਾਰੀ ਦੀ ਪਤਨੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਪੁਲਸ ਨੇ ਉਸ ਦੇ ਪਤੀ ਨੂੰ ਫਰਸਟ ਏਡ ਦੇਣ ਤੋਂ ਬਾਅਦ ਜੇਲ ਭੇਜ ਦਿੱਤਾ ਸੀ, ਜਦੋਂ ਕਿ ਸਰਾਏਕੇਲਾ ਸਦਰ ਹਸਪਤਾਲ ਦੇ ਸੁਪਰਡੈਂਟ ਬੀ. ਮਾਰਡੀ ਨੇ ਕਿਹਾ,''ਅੰਸਾਰੀ ਨੂੰ 18 ਜੂਨ ਨੂੰ ਹਸਪਤਾਲ ਲਿਆਂਦਾ ਗਿਆ ਸੀ। ਅਸੀਂ ਫਿਟ ਟੂ ਟਰੈਵਲ ਸਰਟੀਫਿਕੇਟ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਉਸ ਨੂੰ ਲੈ ਗਈ ਸੀ।'' ਸ਼ਨੀਵਾਰ ਨੂੰ ਅੰਸਾਰੀ ਨੂੰ ਮੁੜ ਸਦਰ ਹਸਪਤਾਲ ਲਿਆਂਦਾ ਗਿਆ। ਇਸ ਵਾਰ ਉਹ ਬੇਹੋਸ਼ ਸੀ। ਅੰਸਾਰੀ ਦੀ ਹਾਲਤ ਵਿਗੜ ਰਹੀ ਸੀ ਅਤੇ ਉਸ ਨੂੰ ਟਾਟਾ ਮੈਮੋਰੀਅਲ ਹਸਪਤਾਲ ਭੇਜ ਦਿੱਤਾ ਗਿਆ, ਜਿੱਥੋਂ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।


author

DIsha

Content Editor

Related News