ਥੋਕ ਮਹਿੰਗਾਈ ਦਰ ਮਈ ’ਚ ਲਗਾਤਾਰ ਤੀਜੇ ਮਹੀਨੇ ਵਧ ਕੇ ਹੋਈ 2.61 ਫੀਸਦੀ

Saturday, Jun 15, 2024 - 10:25 AM (IST)

ਥੋਕ ਮਹਿੰਗਾਈ ਦਰ ਮਈ ’ਚ ਲਗਾਤਾਰ ਤੀਜੇ ਮਹੀਨੇ ਵਧ ਕੇ ਹੋਈ 2.61 ਫੀਸਦੀ

ਨਵੀਂ ਦਿੱਲੀ (ਭਾਸ਼ਾ) – ਮਈ ’ਚ ਥੋਕ ਮਹਿੰਗਾਈ ਦਰ ’ਚ 2.61 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹਾ ਲਗਾਤਾਰ ਤੀਜੇ ਮਹੀਨੇ ਹੋਇਆ ਹੈ। ਇਸ ’ਚ ਸਭ ਤੋਂ ਵਧ ਸਬਜ਼ੀਆਂ ਅਤੇ ਖੁਰਾਕ ਪਦਾਰਥਾਂ ਦੀ ਮਹਿੰਗਾਈ ਨੇ ਭੂਮਿਕਾ ਨਿਭਾਈ ਹੈ।

ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.) ਆਧਾਰਤ ਮਹਿੰਗਾਈ ਪਿਛਲੇ ਮਹੀਨੇ 1.26 ਫੀਸਦੀ ਸੀ। ਮਈ 2023 ’ਚ ਇਹ (-)3.61 ਫੀਸਦੀ ਸੀ।

ਵਪਾਰ ਅਤੇ ਉਦਯੋਗ ਮੰਤਰਾਲਾ ਨੇ ਕਿਹਾ ਕਿ ਮਈ 2024 ’ਚ ਮਹਿੰਗਾਈ ਦੀ ਹਾਂ-ਪੱਖੀ ਦਰ ਮੁੱਖ ਤੌਰ ’ਤੇ ਖੁਰਾਕ ਪਦਾਰਥਾਂ, ਖੁਰਾਕ ਉਤਪਾਦਾਂ ਦੇ ਨਿਰਮਾਣ, ਕੱਚੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ, ਖਣਿਜ ਤੇਲ, ਹੋਰ ਵਿਨਿਰਮਾਣ ਆਦਿ ਦੀਆਂ ਕੀਮਤਾਂ ’ਚ ਵਾਧ ਦੇ ਕਾਰਨ ਹੈ।

ਖੁਰਾਕ ਪਦਾਰਥਾਂ ਦੀ ਮਹਿੰਗਾਈ 9.82 ਫੀਸਦੀ ਵਧੀ

ਮੰਤਰਾਲਾ ਨੇ ਅੰਕੜਿਆਂ ’ਚ ਦੱਸਿਆ ਕਿ ਮਈ ’ਚ ਖੁਰਾਕ ਪਦਾਰਥਾਂ ਦੀ ਮਹਿੰਗਾਈ 9.82 ਫੀਸਦੀ ਵਧੀ, ਜਦਕਿ ਅਪ੍ਰੈਲ ’ਚ ਇਹ 7.74 ਫੀਸਦੀ ਸੀ। ਮਈ ’ਚ ਸਬਜ਼ੀਆਂ ਦੀ ਮਹਿੰਗਾਈ 32.42 ਫੀਸਦੀ ਰਹੀ, ਜੋ ਪਿਛਲੇ ਮਹੀਨੇ 23.60 ਫੀਸਦੀ ਸੀ। ਇਸੇ ਤਰ੍ਹਾਂ ਪਿਆਜ਼ ਦੀ ਮਹਿੰਗਾਈ 58.05 ਫੀਸਦੀ ਰਹੀ ਜਦਕਿ ਆਲੂ ਦੀ ਮਹਿੰਗਾਈ 64.05 ਫੀਸਦੀ ਰਹੀ।

ਮਈ ’ਚ ਦਾਲਾਂ ਦੀ ਮਹਿੰਗਾਈ 21.95 ਫੀਸਦੀ ਵਧੀ। ਤੇਲ ਅਤੇ ਬਿਜਲੀ ਖੇਤਰ ’ਚ ਮਹਿੰਗਾਈ 1.35 ਫੀਸਦੀ ਰਹੀ, ਜੋ ਅਪ੍ਰੈਲ ’ਚ 1.38 ਫੀਸਦੀ ਤੋਂ ਮਾਮੂਲੀ ਘੱਟ ਹੈ। ਵਿਨਿਰਮਤ ਉਤਪਾਦਾਂ ’ਚ ਮਹਿੰਗਾਈ 0.78 ਫੀਸਦੀ ਰਹੀ, ਜੋ ਅਪ੍ਰੈਲ ’ਚ (-)0.42 ਫੀਸਦੀ ਤੋਂ ਵੱਧ ਹੈ।

ਪ੍ਰਚੂਨ ਮਹਿੰਗਾਈ ਦੇ ਉਲਟ ਹਨ ਥੋਕ ਮਹਿੰਗਾਈ ਦੇ ਅੰਕੜੇ

ਮਈ 224 ’ਚ ਥੋਕ ਮੁੱਲ ਸੂਚਕ ਅੰਕ ਭਾਵ ਥੋਕ ਮਹਿੰਗਾਈ ’ਚ ਵਾਧੇ ਦੇ ਅੰਕੜੇ ਮਈ ’ਚ ਹੀ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਦੇ ਉਲਟ ਹਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਮੁਦਰਾ ਨੀਤੀ ਤਿਆਰ ਕਰਦੇ ਸਮੇਂ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ’ਚ ਰੱਖਦਾ ਹੈ।

ਜਾਰੀ ਅੰਕੜਿਆਂ ਅਨੁਸਾਰ ਮਈ ’ਚ ਪ੍ਰਚੂਨ ਮਹਿੰਗਾਈ ਘਟ ਕੇ 4.75 ਫੀਸਦੀ ’ਤੇ ਆ ਗਈ, ਜੋ ਇਕ ਸਾਲ ਦਾ ਹੇਠਲਾ ਪੱਧਰ ਹੈ। ਆਰ. ਬੀ. ਆਈ. ਨੇ ਇਸੇ ਮਹੀਨੇ ਦੇ ਸ਼ੁਰੂ ’ਚ ਲਗਾਤਾਰ 8ਵੀਂ ਵਾਰ ਵਿਆਜ ਦਰ ’ਚ ਕੋਈ ਬਦਲਾਅ ਨਹੀਂ ਕੀਤਾ।


author

Harinder Kaur

Content Editor

Related News