ਨੌਜਵਾਨ ਨਾਲ ਦੋਸਤ ਦੀ ਤਰ੍ਹਾਂ ਰਹਿ ਰਿਹਾ ਸੀ ਸਾਰਸ, ਜੰਗਲਾਤ ਵਿਭਾਗ ਨੇ ਪੰਛੀ ਵਿਹਾਰ ਭੇਜਿਆ
Wednesday, Mar 22, 2023 - 04:35 PM (IST)
ਅਮੇਠੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ 'ਚ ਇਕ ਨੌਜਵਾਨ ਦੇ ਘਰ 'ਤੇ ਇਕ ਸਾਰਸ ਉਸ ਦੇ ਦੋਸਤ ਦੀ ਤਰ੍ਹਾਂ ਰਹਿ ਰਿਹਾ ਸੀ, ਕਿਉਂਕਿ ਇਕ ਵਾਰ ਜ਼ਖ਼ਮੀ ਹੋਣ 'ਤੇ ਉਸ ਨੇ ਇਸ ਪੰਛੀ ਦੀ ਜਾਨ ਬਚਾਈ ਸੀ ਪਰ ਹੁਣ ਜੰਗਲਾਤ ਵਿਭਾਗ ਨੇ ਇਸ ਸਾਰਸ ਨੂੰ ਰਾਏਬਰੇਲੀ ਦੇ ਸਮਸਤਪੁਰ ਪੰਛੀ ਵਿਹਾਰ ਭੇਜ ਦਿੱਤਾ ਹੈ। ਜੰਗਲਾਤ ਅਧਿਕਾਰੀ ਡੀ.ਐੱਨ. ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਅਮੇਠੀ ਵਾਸੀ ਆਰਿਫ਼ ਕੋਲ ਰਹਿ ਰਹੇ ਸਾਰਸ ਨੂੰ ਪੰਛੀ ਵਿਹਾਰ ਭੇਜਣ ਲਈ ਵਿਭਾਗ ਦੀ ਇਕ ਟੀਮ ਨੇ ਉਸ ਨਾਲ ਮੁਲਾਕਾਤ ਕਰ ਕੇ ਸਹਿਮਤੀ ਲਈ ਸੀ।
ਉਨ੍ਹਾਂ ਦੱਸਿਆ ਕਿ ਸਾਰਸ ਨੂੰ ਮੰਗਲਵਾਰ ਨੂੰ ਰਾਏਬਰੇਲੀ ਦੇ ਸਮਸਤਪੁਰ ਪੰਛੀ ਵਿਹਾਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਅਨੁਸਾਰ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ ਹੈ। ਦੱਸਣਯੋਗ ਹੈ ਕਿ ਆਰਿਫ਼ ਨੂੰ ਕਰੀਬ ਇਕ ਸਾਲ ਪਹਿਲਾਂ ਖੇਤ 'ਚ ਇਕ ਸਾਰਸ ਜ਼ਖ਼ਮੀ ਹਾਲਤ 'ਚ ਮਿਲਿਆ ਸੀ। ਆਰਿਫ਼ ਉਸ ਨੂੰ ਆਪਣੇ ਘਰ ਲੈ ਆਇਆ ਸੀ ਅਤੇ ਉਸ ਦੀ ਦੇਖਭਾਲ ਕੀਤੀ। ਹੌਲੀ-ਹੌਲੀ ਸਾਰਸ ਪੂਰੀ ਤਰ੍ਹਾਂ ਠੀਕ ਹੋ ਗਿਆ ਅਤੇ ਆਰਿਫ਼ ਦੇ ਨਾਲ ਹੀ ਰਹਿਣ ਲੱਗਾ। ਆਰਿਫ਼ ਅਤੇ ਸਾਰਸ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਆਈਆਂ ਸਨ।