ਰਿਸ਼ਵਤ ਦੇ ਬਦਲੇ ਦੋਸ਼ੀ ਦੀ ਪਤਨੀ ਦੀ ਇੱਜ਼ਤ ਦਾ ਸੌਦਾ ਕਰਨ ਵਾਲੇ ਪੁਲਸੀਏ ਨੂੰ ਫੜਿਆ ਰੰਗੇ ਹੱਥੀ

Wednesday, Jun 14, 2017 - 03:51 PM (IST)

ਰਿਸ਼ਵਤ ਦੇ ਬਦਲੇ ਦੋਸ਼ੀ ਦੀ ਪਤਨੀ ਦੀ ਇੱਜ਼ਤ ਦਾ ਸੌਦਾ ਕਰਨ ਵਾਲੇ ਪੁਲਸੀਏ ਨੂੰ ਫੜਿਆ ਰੰਗੇ ਹੱਥੀ

ਰਾਜਸਥਾਨ — ਰਾਜਸਥਾਨ ਭ੍ਰਿਸ਼ਟਾਚਾਰ ਰੋਕੂ ਦਸਤੇ ਨੇ ਅਫੀਮ ਦੇ ਨਾਲ ਜ਼ਬਤ ਗੱਡੀ ਨੂੰ ਛੱਡਣ ਦੇ ਬਦਲੇ 'ਚ ਰਿਸ਼ਵਤ ਦੇ ਤੌਰ 'ਤੇ ਦੋਸ਼ੀ ਦੀ ਪਤਨੀ ਦੀ ਇੱਜ਼ਤ ਦਾ ਸੌਦਾ ਕਰਨ ਵਾਲੇ ਜੋਧਪੁਰ ਦੇ ਇਕ ਥਾਣਾ ਅਧਿਕਾਰੀ ਨੂੰ ਕੱਲ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ। ਭ੍ਰਿਸ਼ਟਾਚਾਰ ਬਿਊਰੋ ਦੇ ਅਨੁਸਾਰ ਜੋਧਪੁਰ ਦੇ ਰਾਜੀਵ ਗਾਂਧੀ ਨਗਰ ਥਾਣਾ ਅਧਿਕਾਰੀ ਕਮਲਦਾਨ ਚਾਰਣ ਨੂੰ ਬਿਊਰੋ ਦੀ ਵਿਸ਼ੇਸ਼ ਵਿੰਗ ਨੇ ਮੰਗਲਵਾਰ ਦੀ ਰਾਤ 9 ਵਜੇ ਦੇ ਕਰੀਬ ਪਰਿਵਾਦੀ ਦੀ ਪਤਨੀ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। 
ਬਿਊਰੋ ਅਨੁਸਾਰ ਪੀੜਤਾ ਨੇ ਸ਼ਿਕਾਇਤ ਦਿੱਤੀ ਕਿ ਪੁਲਸ ਨੇ ਬੀਤੀ 3 ਜੂਨ ਨੂੰ ਪਰਿਵਾਦੀ ਨੂੰ ਇਕ ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਸੀ। ਥਾਣੇਦਾਰ ਨੇ ਪਰਿਵਾਦੀ ਦੀ ਗੱਡੀ ਨੂੰ ਵੀ ਜ਼ਬਤ ਕਰ ਲਿਆ। ਇਸ ਦੌਰਾਨ ਆਪਣੇ ਪਤੀ ਨੂੰ ਛੁਡਾਉਣ ਲਈ ਥਾਣੇ ਗਈ ਪੀੜਤਾ ਤੋਂ ਥਾਣੇਦਾਰ ਨੇ ਦੋ ਲੱਖ ਦੀ ਰਿਸ਼ਵਤ ਦੀ ਮੰਗ ਕੀਤੀ। ਇਸ 'ਤੇ ਪੀੜਤਾ ਨੇ ਥਾਣੇਦਾਰ ਨੂੰ ਇਕ ਲੱਖ ਰੁਪਏ ਨਗਦ ਅਤੇ ਇਕ ਲੱਖ ਦਾ ਚੈੱਕ ਦਿੱਤਾ। ਇਸ ਤੋਂ ਬਾਅਦ ਥਾਣੇਦਾਰ ਨੇ ਪੀੜਤਾ ਨੂੰ ਵਾਟਸਐਪ 'ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਥਾਣੇਦਾਰ ਨੇ 9 ਜੂਨ ਨੂੰ ਪੀੜਤਾ ਨੂੰ ਮੈਸੇਜ਼ ਦੇ ਕੇ ਅਫੀਮ ਮਾਮਲੇ ਨੂੰ ਹਲਕਾ ਕਰਨ ਅਤੇ ਗੱਡੀ ਨੂੰ ਛੱਡਣ ਦੇ ਬਦਲੇ ਸਰੀਰਕ ਸੰਬੰਧ ਬਣਾਉਣ ਦੀ ਮੰਗ ਕੀਤੀ ਪਰ ਉਸਨੂੰ ਕਿਸੇ ਕੰਮ ਲਈ ਜੋਧਪੁਰ ਤੋਂ ਬਾਹਰ ਜਾਣਾ ਪਿਆ। ਵਾਪਸ ਆ ਕੇ ਥਾਣੇਦਾਰ ਨੇ ਐਤਵਾਰ ਦੇ ਦਿਨ ਪੀੜਤਾ ਨੂੰ ਹੋਟਲ 'ਚ ਬੁਲਾਇਆ ਪਰ ਉਹ ਨਹੀਂ ਗਈ। ਇਸ ਤੋਂ ਬਾਅਦ ਉਸਨੇ ਕੱਲ੍ਹ ਰਾਤ 8 ਵਜੇ ਤੋਂ ਬਾਅਦ ਉਸਦੇ ਘਰ 'ਇੰਜੂਆਏ' ਕਰਨ ਦਾ ਮੈਸਜ ਭੇਜਿਆ। ਬਿਊਰੋ ਦੇ ਅਨੁਸਾਰ ਥਾਣੇਦਾਰ ਪੀੜਤਾ ਦੇ ਘਰ ਪੁੱਜਾ ਅਤੇ ਉਸਨੂੰ ਲੈ ਕੇ ਕਮਰੇ 'ਚ ਚਲਾ ਗਿਆ। ਇਸ ਦੌਰਾਨ ਪਹਿਲਾਂ ਤੋਂ ਮੌਜੂਦ ਬਿਊਰੋ ਦੀ ਟੀਮ ਨੇ ਦਰਵਾਜ਼ਾ ਖੁੱਲਵਾ ਕੇ ਥਾਣੇਦਾਰ ਨੂੰ ਗ੍ਰਿਫਤਾਰ ਕਰ ਲਿਆ। ਬਿਊਰੋ ਦੀ ਟੀਮ ਨੇ ਉਸਦੇ ਕੋਲੋਂ ਰਿਸ਼ਵਤ ਦੇ ਰੂਪ 'ਚ ਲਏ ਗਏ ਇਕ ਲੱਖ ਰੁਪਏ ਅਤੇ ਚੈੱਕ ਵੀ ਬਰਾਮਦ ਕਰ ਲਿਆ। ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।


Related News