ਹੇਮੰਤ ਲੋਹੀਆ ਦੇ ਕਾਤਲ ਨੇ ਡਾਇਰੀ ’ਚ ਲਿਖਿਆ ਸੀ- ਮੈਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੈ
Tuesday, Oct 04, 2022 - 05:55 PM (IST)
ਜੰਮੂ- ਜੰਮੂ-ਕਸ਼ਮੀਰ ਦੇ ਜੇਲ੍ਹ ਜਨਰਲ ਡਾਇਰੈਕਟਰ ਹੇਮੰਤ ਲੋਹੀਆ ਦੇ ਕਤਲ ਦੇ ਦੋਸ਼ੀ ਦੀ ਡਾਇਰੀ ’ਚ ਹਾਲ ਹੀ ’ਚ ਲਿਖੀਆਂ ਗਈਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਤਣਾਅ ’ਚ ਸੀ। ਉਸ ਦੀ ਡਾਇਰੀ ਵਿਚ ਮੈਂ ਆਪਣੀ ਜ਼ਿੰਦਗੀ ਤੋਂ ਨਫ਼ਰਤ ਕਰਦਾ ਹਾਂ ਅਤੇ ‘ਏ-ਮੌਤ ਮੈਂ ਤੇਰੀ ਉਡੀਕ ਕਰਦਾ ਹਾਂ’ ਵਰਗੀਆਂ ਗੱਲਾਂ ਲਿਖੀਆਂ ਹੋਈਆਂ ਮਿਲੀਆਂ ਹਨ। ਨਾਲ ਹੀ ਗ਼ਮ ਅਤੇ ਅੰਤਿਮ ਵਿਦਾਈ ਨਾਲ ਜੁੜੇ ਬਾਲੀਵੁੱਡ ਦੇ ਗੀਤ ਵੀ ਲਿਖੇ ਮਿਲੇ ਹਨ। ਰਾਤ ਭਰ ਚੱਲੀ ਤਲਾਸ਼ ਮਗਰੋਂ ਲੋਹੀਆ ਦੇ ਘਰੇਲੂ ਨੌਕਰ ਯਾਸਿਰ ਲੋਹਾਰ (23) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- J&K ਦੇ DG ਜੇਲ੍ਹ ਹੇਮੰਤ ਲੋਹੀਆ ਦਾ ਕਤਲ, ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ
ਪੁਲਸ ਮੁਤਾਬਕ ਅਜਿਹਾ ਲੱਗਦਾ ਹੈ ਕਿ ਉਹ ਆਪਣੀ ਜ਼ਿੰਦਗੀ ਤੋਂ ਤੰਗ ਆ ਗਿਆ ਸੀ। ਲੋਹਾਰ ਨੇ ਆਪਣੀ ਡਾਇਰੀ ਵਿਚ ਹਿੰਦੀ ਅਤੇ ਟੁੱਟੀ-ਫੁੱਟੀ ਅੰਗਰੇਜ਼ੀ ’ਚ ਵੀ ਕੁਝ ਵਾਕ ਲਿਖੇ ਹਨ ਜਿਵੇਂ- ਆਈ ਵਾਂਟ ਟੂ ਰੀ-ਸਟਾਰਟ ਮਾਏ ਲਾਈਫ਼, ਜ਼ਿੰਦਗੀ ਤਾਂ ਬਸ ਤਕਲੀਫ਼ ਦਿੰਦੀ ਹੈ, ਸਕੂਨ ਤਾਂ ਮੌਤ ਹੀ ਦਿੰਦੀ ਹੈ। ਲੋਹਾਰ ਨੇ ਆਪਣੀ ਡਾਇਰੀ ’ਚ ਬਾਲੀਵੁੱਡ ਫਿਲਮ ‘ਆਸ਼ਿਕੀ-2’ ਦਾ ਲੋਕਪ੍ਰਿਅ ਗੀਤ ‘ਭੁਲਾ ਦੇਨਾ ਮੁਝੇ, ਹੈਂ ਅਲਵਿਦਾ ਤੁਝੇ’ ਵੀ ਲਿਖਿਆ ਹੈ, ਜਿਸ ’ਚ ਜੁਦਾਈ ਅਤੇ ਵਿਦਾਈ ਨੂੰ ਬਿਆਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ- J&K ਦੇ DG ਜੇਲ੍ਹ ਹੇਮੰਤ ਲੋਹੀਆ ਦਾ ਕਾਤਲ ਨੌਕਰ ਗ੍ਰਿਫ਼ਤਾਰ, ਗਲ਼ ਵੱਢ ਕੇ ਦਿੱਤੀ ਸੀ ਬੇਰਹਿਮ ਮੌਤ
ਦੋਸ਼ੀ ਯਾਸਿਰ ਲੋਹਾਰ ਨੇ ਲਿਖਿਆ ਕਿ ਉਸ ਦੀ ਜ਼ਿੰਦਗੀ 99 ਫ਼ੀਸਦੀ ਗ਼ਮਗੀਨ ਹੈ ਪਰ ਫਿਰ ਵੀ 100 ਫ਼ੀਸਦੀ ਝੂਠੀ ਮੁਸਕਾਨ ਵਿਖਾਉਣੀ ਪੈਂਦੀ ਹੈ। ਮੈਂ 10 ਫ਼ੀਸਦੀ ਖੁਸ਼ ਹਾਂ। ਜੀਵਨ ’ਚ ਪਿਆਰ ਇਕ ਦਮ ਜ਼ੀਰੋ ਫ਼ੀਸਦੀ ਅਤੇ 90 ਫ਼ੀਸਦੀ ਤਣਾਅ ਹੈ। ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ, ਜੋ ਸਿਰਫ਼ ਦਰਦ ਦਿੰਦੀ ਹੈ। ਨਵੀਂ ਜ਼ਿੰਦਗੀ ਲਈ ਮੌਤ ਦੀ ਉਡੀਕ ਕਰਦਾ ਹਾਂ।
ਦੱਸਣਯੋਗ ਹੈ ਕਿ 1992 ਬੈਂਚ ਦੇ ਭਾਰਤੀ ਪੁਲਸ ਸੇਵਾ (IPS) ਦੇ ਅਧਿਕਾਰੀ ਹੇਮੰਤ ਲੋਹੀਆ ਸ਼ਹਿਰ ਦੇ ਬਾਹਰੀ ਇਲਾਕੇ ’ਚ ਆਪਣੇ ਉਦੈਵਾਲਾ ਨਿਵਾਸ ’ਚ ਮ੍ਰਿਤਕ ਮਿਲੇ। ਉਨ੍ਹਾਂ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਨੌਕਰ ਕਾਤਲ ਯਾਸਿਰ 6 ਮਹੀਨੇ ਤੋਂ ਇਸ ਘਰ ’ਚ ਕੰਮ ਕਰ ਰਿਹਾ ਸੀ।