ਪੱਛਮੀ ਬੰਗਾਲ ''ਚ ''ਮਮਤਾ ਰਾਜ'' ਦੇ ਦਿਨ ਹੁਣ ਗਿਣਤੀ ਦੇ - ਮੋਦੀ
Thursday, Mar 18, 2021 - 09:45 PM (IST)
ਪੁਰੂਲੀਆ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਦੀ ਸਰਕਾਰ 'ਤੇ ਭ੍ਰਿਸ਼ਟਾਚਾਰ, ਵੋਟ ਬੈਂਕ ਦੀ ਸਿਆਸਤ ਲਈ ਤੁਸ਼ਟੀਕਰਨ, ਮਾਫੀਆ ਰਾਜ ਅਤੇ ਹਿੰਸਾ ਦੀ ਸਿਆਸਤ ਨੂੰ ਹੱਲਾਸ਼ੇਰੀ ਦੇਣ ਦਾ ਵੀਰਵਾਰ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਕਿ ਸੂਬੇ ਵਿਚ ਤ੍ਰਿਣਮੂਲ ਕਾਂਗਰਸ ਦੀ 'ਬੇਰਹਿਮ' ਸਰਕਾਰ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ।
ਸੂਬੇ ਦੇ ਆਦਿਵਾਸੀ ਜੰਗਲ ਮਹਿਲ ਇਲਾਕੇ ਵਿਚ ਇਕ ਚੋਣ ਰੈਲੀ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਮਮਤਾ ਬੈਨਰਜੀ ਦੇ 'ਖੇਲਾ ਹੋਬੇ' ਵਾਲੇ ਬਿਆਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਜਪਾ ਜਿਥੇ ਵਿਕਾਸ ਅਤੇ 'ਸੋਨਾਰ ਬਾਂਗਲਾ' ਦੀ ਗੱਲ ਕਰਦੀ ਹੈ, ਉਥੇ ਦੀਦੀ ਲੋਕਾਂ ਦੀ ਸੇਵਾ ਦੀ ਵਚਨਬੱਧਤਾ ਨੂੰ ਬੇਧਿਆਨ ਕਰ ਕੇ 'ਖੇਲਾ ਹੋਬੇ, ਖੇਲਾ ਹੋਬੇ' ਕਰਦੀ ਹੈ।
ਮੋਦੀ ਨੇ ਆਪਣੇ ਭਾਸ਼ਣ ਦੌਰਾਨ ਮਮਤਾ ਦੇ ਮੰਦਰਾਂ 'ਚ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦਾ ਹਿਰਦੇ ਪਰਿਵਰਤਨ ਨਹੀਂ ਹੈ ਸਗੋਂ ਚੋਣਾਂ ਵਿਚ ਹਾਰਣ ਦਾ ਡਰ ਹੈ। ਮੋਦੀ ਨੇ ਮਮਤਾ ਦੇ ਪੈਰ ਵਿਚ ਲੱਗੀ ਸੱਟ ਦੇ ਜਲਦੀ ਠੀਕ ਹੋ ਜਾਣ ਦੀ ਕਾਮਨਾ ਕੀਤੀ। ਬੰਗਾਲ ਅਤੇ ਪੁਰੂਲੀਆ ਖੇਤਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮਾਂ-ਮਾਟੀ-ਮਾਨੁਸ਼' ਦੀ ਗੱਲ ਕਰਨ ਵਾਲੀ ਦੀਦੀ ਅੰਦਰ ਜੇ ਦਲਿਤਾਂ, ਪਛੜਿਆਂ, ਆਦਿਵਾਸੀਆਂ, ਜੰਗਲੀ ਵਾਸੀਆਂ ਪ੍ਰਤੀ ਮਮਤਾ ਹੁੰਦੀ ਤਾਂ ਉਹ ਅਜਿਹਾ ਨਾ ਕਰਦੀ। ਇਥੇ ਤਾਂ ਦੀਦੀ ਦੀ ਬੇਰਹਿਮ ਸਰਕਾਰ ਨੇ ਮਾਓਵਾਦੀਆਂ ਦੀ ਇਕ ਨਵੀਂ ਨਸਲ ਬਣਾ ਦਿੱਤੀ ਜੋ ਤ੍ਰਿਣਮੂਲ ਕਾਂਗਰਸ ਰਾਹੀਂ ਗਰੀਬਾਂ ਦਾ ਪੈਸਾ ਲੁੱਟਦੀ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਦੀ ਹਾਰ ਯਕੀਨੀ ਹੈ।
ਮੋਦੀ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਮਮਤਾ ਰਾਜ ਹੁਣ ਕੁਝ ਦਿਨਾਂ ਦਾ ਹੀ ਰਹਿ ਗਿਆ ਹੈ। ਇਹ ਗੱਲ ਹੁਣ ਮਮਤਾ ਦੀਦੀ ਵੀ ਸਮਝ ਰਹੀ ਹੈ। ਮੁੱਖ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਸੂਬੇ ਵਿਚ ਘੁਸਪੈਠ ਦੇ ਪਿੱਛੇ ਸਰਕਾਰ ਦੀ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਸਿਆਸਤ ਜ਼ਿੰਮੇਵਾਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।