ਥਰੂਰ ਨੇ ਕੀਤਾ ਕਰੋੜਾਂ ਹਿੰਦੂਆਂ ਦਾ ਅਪਮਾਨ : ਭਾਜਪਾ
Friday, Jul 13, 2018 - 04:02 AM (IST)

ਨਵੀਂ ਦਿੱਲੀ—ਭਾਜਪਾ ਨੇ ਪ੍ਰੈਸ ਕਾਨਫਰੰਸ ਕਰ 'ਹਿੰਦੂ ਪਾਕਿਸਤਾਨ' ਵਾਲੇ ਬਿਆਨ ਨੂੰ ਲੈ ਕੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ 'ਤੇ ਜ਼ੋਰਦਾਰ ਹਮਲਾ ਬੋਲਿਆ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਕਾਂਗਰਸ ਮੋਦੀ ਖਿਲਾਫ ਬੋਲਣ ਲਈ ਦੇਸ਼ ਦੇ ਲੋਕਤੰਤਰ 'ਤੇ ਹਮਲਾ ਬੋਲ ਰਹੀ ਹੈ। ਉਨ੍ਹਾਂ ਨੇ ਇਹ ਹਿੰਦੂਆਂ 'ਤੇ ਹਮਲਾ ਵੀ ਕਰਾਰ ਦਿੱਤਾ। ਉਨ੍ਹਾਂ ਨੇ ਥਰੂਰ ਦੇ ਇਸ ਸ਼ਰਮਨਾਕ ਬਿਆਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਮੁਆਫੀ ਦੀ ਮੰਗ ਕੀਤੀ ਹੈ।
ਸੰਬਿਤ ਪਾਤਰਾ ਨੇ ਕਿਹਾ ਕਿ ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਜੇਕਰ ਭਾਜਪਾ 2019 ਦੀਆਂ ਲੋਕਸਭਾ ਚੋਣ ਜਿੱਤਦੀ ਹੈ ਤਾਂ ਭਾਰਤ 'ਹਿੰਦੂ ਪਾਕਿਸਤਾਨ' ਬਣ ਜਾਵੇਗਾ। ਥਰੂਰ ਦੇ ਇਸ ਬਿਆਨ ਨੂੰ ਪਾਤਰਾ ਨੇ ਸ਼ਰਮਨਾਕ ਕਰਾਰ ਦਿੱਤਾ ਹੈ। ਨਾਲ ਹੀ ਕਿਹਾ ਹੈ ਕਿ ਇਹ ਦੇਸ਼ ਦੇ ਕਰੋੜਾਂ ਹਿੰਦੂਆਂ ਦਾ ਅਪਮਾਨ ਹੈ।
ਤੁਹਾਨੂੰ ਦੱਸ ਦਈਏ ਕਿ ਸ਼ਸ਼ੀ ਥਰੂਰ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਤਿਰੂਵਨੰਤਪੁਰਮ 'ਚ ਕਿਹਾ ਸੀ ਕਿ ਜੇਕਰ 2019 'ਚ ਭਾਜਪਾ ਲੋਕਸਭਾ ਚੋਣਾਂ ਜਿੱਤਣ 'ਚ ਕਾਮਯਾਬ ਹੁੰਦੀ ਹੈ ਤਾਂ ਦੇਸ਼ ਹਿੰਦੂ ਪਾਕਿਸਤਾਨ ਬਣ ਜਾਵੇਗਾ। ਤਿਰੂਵਨੰਤਪੁਰਮ 'ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਥਰੂਰ ਨੇ ਕਿਹਾ ਕਿ 2019 'ਚ ਭਾਜਪਾ ਜਿੱਤੀ ਤਾਂ ਸੰਵਿਧਾਨ ਨੂੰ ਬਰਬਾਦ ਕਰ ਦੇਵੇਗੀ ਅਤੇ ਇਕ ਅਜਿਹੇ ਸੰਵਿਧਾਨ ਦਾ ਨਿਰਮਾਣ ਕਰੇਗੀ ਜੋ ਸਿਰਫ ਹਿੰਦੂ ਰਾਸ਼ਟਰ ਦੇ ਹਿੱਤਾਂ ਦੀ ਰੱਖਿਆ ਕਰੇਗੀ। ਆਪਣੇ ਇਸ ਬਿਆਨ ਪਿੱਛੇ ਸ਼ਸ਼ੀ ਥਰੂਰ ਨੇ ਆਪਣਾ ਤਰਕ ਦਿੱਤਾ। ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰ ਬਣਾਉਣ ਲਈ ਭਾਜਪਾ ਨੂੰ ਲੋਕਸਭਾ ਅਤੇ ਰਾਜਸਭਾ 'ਚ ਬਹੁਮਤ ਚਾਹੀਦਾ ਹੈ। ਰਾਜਸਭਾ 'ਚ ਫਿਲਹਾਲ ਭਾਜਪਾ ਕੋਲ ਬਹੁਮਤ ਨਹੀਂ ਹੈ ਪਰ ਆਉਣ ਵਾਲੇ ਸਮੇਂ 'ਚ ਰਾਜਸਭਾ 'ਚ ਵੀ ਭਾਜਪਾ ਦਾ ਬਹੁਮਤ ਹੋ ਜਾਵੇਗਾ। ਰਾਜਸਭਾ 'ਚ ਬਹੁਮਤ ਹਾਸਲ ਕਰਨ ਤੋਂ ਬਾਅਦ ਭਾਜਪਾ ਹਿੰਦੂ ਰਾਸ਼ਟਰ ਦੇ ਏਜੇਂਡੇ 'ਤੇ ਵਧੇਗੀ।