ਕਾਂਗਰਸੀ ਕੌਂਸਲਰਾਂ ਨੇ ਮੇਅਰ ਖ਼ਿਲਾਫ਼ ਖੋਲ੍ਹ''ਤਾ ਮੋਰਚਾ, ਪ੍ਰੋਗਰਾਮ ਦੇ ਬਾਈਕਾਟ ਦਾ ਕੀਤਾ ਐਲਾਨ

Wednesday, Jan 21, 2026 - 02:56 PM (IST)

ਕਾਂਗਰਸੀ ਕੌਂਸਲਰਾਂ ਨੇ ਮੇਅਰ ਖ਼ਿਲਾਫ਼ ਖੋਲ੍ਹ''ਤਾ ਮੋਰਚਾ, ਪ੍ਰੋਗਰਾਮ ਦੇ ਬਾਈਕਾਟ ਦਾ ਕੀਤਾ ਐਲਾਨ

ਲੁਧਿਆਣਾ (ਹਿਤੇਸ਼): ਨਗਰ ਨਿਗਮ ਲੁਧਿਆਣਾ ਦੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਮੇਅਰ ਇੰਦਰਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮੇਅਰ ਇੰਦਰਜੀਤ ਕੌਰ ਵੱਲੋਂ ਨਗਰ ਨਿਗਮ ਦੇ ਮੌਜੂਦਾ ਜਨਰਲ ਹਾਊਸ ਦੇ ਸੈਸ਼ਨ ਦਾ ਇਕ ਸਾਲ ਪੂਰਾ ਹੋਣ 'ਤੇ ਇਕ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਤਹਿਤ 21 ਜਨਵਰੀ ਨੂੰ ਸਾਰੇ ਕੌਂਸਲਰਾਂ ਨੂੰ ਲੰਚ 'ਤੇ ਬੁਲਾਇਆ ਗਿਆ ਹੈ, ਜਿਸ ਵਿਚ ਗਰੁੱਪ ਫੋਟੋ ਆਦਿ ਕਰਵਾਈ ਜਾਵੇਗੀ, ਪਰ ਕਾਂਗਰਸ ਦੇ ਕਈ ਕੌਂਸਲਰਾਂ ਨੇ ਇਸ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ ਹੈ। 

ਕਾਂਗਰਸ ਦੇ ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰਡਾਂ ਦੇ ਕੰਮ ਨਹੀਂ ਹੋ ਰਹੇ, ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਪੱਖਪਾਤ ਕੀਤਾ ਜਾ ਰਿਹਾ ਹੈ, ਇਸ ਕਰਕੇ ਉਹ ਮੇਅਰ ਦੇ ਲੰਚ ਦੇ ਵਿਚ ਸ਼ਾਮਲ ਨਹੀਂ ਹੋਣਗੇ। ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਜਿਹੜੇ ਹਾਰੇ ਹੋਏ ਕੌਂਸਲਰ ਦੇ ਉਮੀਦਵਾਰ ਹਨ, ਉਨ੍ਹਾਂ ਦੇ ਕਹਿਣ 'ਤੇ ਕੰਮ ਹੋ ਰਹੇ ਹੈ, ਜਿੱਤੇ ਹੋਏ ਕਾਂਗਰਸ ਦੇ ਕੌਂਸਲਰਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਦੇ ਵਿਰੋਧ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੇਅਰ ਇੰਦਰਜੀਤ ਕੌਰ ਵੱਲੋਂ ਰੱਖੇ ਗਏ ਪ੍ਰੋਗਰਾਮ ਦਾ ਬਾਈਕਾਟ ਕੀਤਾ ਹੈ। 

ਇਸ ਸਬੰਧ ਵਿਚ ਕਾਂਗਰਸ ਦੇ ਇਕ ਕੌਂਸਲਰ ਗੌਰਵ ਭੱਟੀ ਨੇ ਫੇਸਬੁੱਕ 'ਤੇ ਪੋਸਟ ਵੀ ਪਾ ਦਿੱਤੀ ਹੈ ਅਤੇ ਬਾਕੀ ਕੌਂਸਲਰ ਵੀ ਇਹਦੇ 'ਚ ਸਹਿਮਤ ਹੋ ਰਹੇ ਹਨ। ਸੰਜੇ ਤਲਵਾੜ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੌਂਸਲਰ ਪਤੀ ਪੰਕਜ ਕਾਕਾ ਨੇ ਵੀ ਕਿਹਾ ਕਿ ਹਲਕਾ ਵੈਸਟ ਦੇ ਵੀ ਕਾਂਗਰਸ ਦੇ ਕੌਂਸਲਰ ਇਸ ਮੀਟਿੰਗ 'ਚ ਨਹੀਂ ਜਾ ਰਹੇ। ਇਸ ਤਰ੍ਹਾਂ ਕਾਂਗਰਸ ਦੇ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੇਅਰ ਦੇ ਖਿਲਾਫ਼ ਸਿੱਧੇ ਤੌਰ 'ਤੇ ਮੋਰਚਾ ਖੋਲ੍ਹ ਦਿੱਤਾ ਹੈ।


author

Anmol Tagra

Content Editor

Related News